ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੂਸੂ ਚੋਣਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ

600 ਤੋਂ ਵੱਧ ਪੁਲੀਸ ਮੁਲਾਜ਼ਮ ਰਹੇ ਤਾਇਨਾਤ, ਅੱਜ ਐਲਾਨੇ ਜਾਣਗੇ ਨਤੀਜੇ
ਵੋਟ ਪਾਉਣ ਲਈ ਵਾਰੀ ਦੀ ਉਡੀਕਦੀਆਂ ਹੋਈਆਂ ਵਿਦਿਆਰਥਣਾਂ। -ਫ਼ੋਟੋ: ਪੀ.ਟੀ.ਆਈ.
Advertisement

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ‘ਡੂਸੂ’ ਦੀਆਂ ਚੋਣਾਂ ਵਿੱਚ ਵੀਰਵਾਰ ਨੂੰ ਦੁਪਹਿਰ 2:30 ਵਜੇ ਤੱਕ ਲਗਪਗ 35 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ, ਪ੍ਰਮੁੱਖ ਵਿਦਿਆਰਥੀ ਸੰਗਠਨਾਂ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ.ਬੀ.ਵੀ.ਪੀ.’ ਅਤੇ ‘ਐੱਨ.ਐੱਸ.ਯੂ.ਆਈ.’ ਨੇ ਇੱਕ ਦੂਜੇ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਧਾਂਦਲੀ ਕਰਨ ਦੇ ਦੋਸ਼ ਲਗਾਏ।

ਮੁੱਖ ਚੋਣ ਅਧਿਕਾਰੀ ਰਾਜ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਸੱਤ ਕਾਲਜਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਲਗਪਗ 35 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਹੈ। ਪਿਛਲੇ ਸਾਲਾਂ ਦੇ ਰੁਝਾਨਾਂ ਨੂੰ ਦੇਖਦੇ ਹੋਏ, ਇਹ ਔਸਤ ਜ਼ਿਆਦਾਤਰ ਕਾਲਜਾਂ ਵਿੱਚ ਇੱਕੋ ਜਿਹੀ ਹੋਣ ਦੀ ਸੰਭਾਵਨਾ ਹੈ। ਮਿਰਾਂਡਾ ਹਾਊਸ ਕਾਲਜ ਵਿੱਚ ਵਿਦਿਆਰਥੀਆਂ ’ਚ ਚੋਣਾਂ ਨੂੰ ਲੈ ਕੇ ਉਤਸ਼ਾਹ ਦੇਖਿਆ ਗਿਆ ਗਿਆ, ਜਿੱਥੇ ਪੰਜ ਹਜ਼ਾਰ ਵਿਦਿਆਰਥਣਾਂ ਵਿੱਚੋਂ 60 ਫ਼ੀਸਦ ਤੋਂ ਵੱਧ ਨੇ ਆਪਣੀ ਵੋਟ ਪਾਈ। ਚੋਣਾਂ ਦੋ ਪੜਾਵਾਂ ਵਿੱਚ ਹੋਈਆਂ, ਸਵੇਰ ਦੀਆਂ ਕਲਾਸਾਂ ਲਈ ਸਵੇਰੇ 8:30 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਅਤੇ ਸ਼ਾਮ ਦੀਆਂ ਕਲਾਸਾਂ ਲਈ ਸ਼ਾਮ 3:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਇਸ ਸਾਲ ਦੀਆਂ ਚੋਣਾਂ ਵਿੱਚ ਲਗਪਗ 2.8 ਲੱਖ ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਨਤੀਜੇ 19 ਸਤੰਬਰ ਨੂੰ ਐਲਾਨੇ ਜਾਣਗੇ। ਸ਼ਾਂਤੀਪੂਰਨ ਚੋਣ ਨੂੰ ਯਕੀਨੀ ਬਣਾਉਣ ਲਈ, ਦਿੱਲੀ ਪੁਲਿਸ ਨੇ 600 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ, ਜਿਨ੍ਹਾਂ ਵਿੱਚ 160 ਬਾਡੀ ਕੈਮਰਿਆਂ ਨਾਲ ਲੈਸ ਸਨ। ਸੀ.ਸੀ.ਟੀ.ਵੀ. ਅਤੇ ਡਰੋਨ ਨਿਗਰਾਨੀ ਦੀ ਵੀ ਵਰਤੋਂ ਕੀਤੀ ਗਈ। ਯੂਨੀਵਰਿਸਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਇਸ ਵਾਰ ਕੈਂਪਸ ਵਿੱਚੋਂ ਪੋਸਟਰ ਅਤੇ ਬੈਨਰ ਨਹੀਂ ਲਗਾਏ ਗਏ।

Advertisement

ਹੰਸਰਾਜ ਕਾਲਜ ਦੇ ਇੱਕ ਵਿਦਿਆਰਥੀ ਸੁਮਿਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਯੂਨੀਵਰਸਿਟੀਆਂ ਦੇ ਕੌਰੀਡੋਰ ਪੋਸਟਰਾਂ ਨਾਲ ਭਰੇ ਹੋਏ ਸਨ। ਇਸ ਵਾਰ ਅਜਿਹਾ ਮਾਹੌਲ ਨਹੀਂ ਸੀ। ਕਿਰੋਰੀ ਮਲ ਕਾਲਜ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੀ ਅੰਜਲੀ ਨੇ ਚੋਣਾਂ ਦੇ ਮਾਹੌਲ ਦੀ ਤੁਲਨਾ ਵੱਡੀਆਂ ਚੋਣਾਂ ਨਾਲ ਕੀਤੀ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਵੀ ਕਿਸਮ ਦੀ ਚੋਣ ਵਿੱਚ ਵੋਟ ਪਾਈ ਹੈ। ਉਸ ਨੇ ਕਿਹਾ ਕਿ ਇੱਥੇ ਇੰਨੀ ਜ਼ਿਆਦਾ ਸੁਰੱਖਿਆ ਹੈ ਕਿ ਲਗਪਗ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਵਾਂਗ ਹੀ ਇਹ ਚੋਣਾਂ ਹੋ ਰਹੀਆਂ ਹਨ। ਅੰਜਲੀ ਨੇ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਤੋਂ ਖੁਸ਼ੀ ਪ੍ਰਗਟ ਕੀਤੀ। ਕਾਨੂੰਨ ਦੀ ਵਿਦਿਆਰਥਣ ਕਮਲ ਨੇ ਸੁਧਰੇ ਹੋਏ ਮਾਹੌਲ ਦਾ ਕਾਰਨ ਨਿਆਂਇਕ ਨਿਗਰਾਨੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਨੇ ਭ੍ਰਿਸ਼ਟਾਚਾਰ ਅਤੇ ਬਾਹਰੀ ਦਖਲਅੰਦਾਜ਼ੀ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਪਿਛਲੇ ਸਾਲ ਨਤੀਜਿਆਂ ਨੂੰ ਦੋ ਮਹੀਨਿਆਂ ਲਈ ਰੋਕ ਦਿੱਤਾ ਗਿਆ ਸੀ। ਇਸ ਦਖਲਅੰਦਾਜ਼ੀ ਨੇ ਦਿੱਲੀ ਯੂਨੀਵਰਸਿਟੀ (ਡੀਯੂ) ਦੀ ਛਵੀ ਨੂੰ ਬਿਹਤਰ ਬਣਾਇਆ ਹੈ। ਇਸ ਦੌਰਾਨ ਵਿਰੋਧੀ ਵਿਦਿਆਰਥੀ ਸਮੂਹਾਂ ਵਿਚਕਾਰ ਦਿਨ ਭਰ ਗਰਮ ਬਹਿਸਾਂ ਛਿੜੀਆਂ ਰਹੀਆਂ।

 

ਏ.ਬੀ.ਵੀ.ਪੀ. ਦੇ ਪ੍ਰਧਾਨ ਵਜੋਂ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ

ਐੱਨ.ਐੱਸ.ਯੂ.ਆਈ. ਨੇ ਏ.ਬੀ.ਵੀ.ਪੀ. ‘ਤੇ ਕਈ ਕਾਲਜਾਂ ਵਿੱਚ ਵੋਟ ਹੇਰਾਫੇਰੀ ਦਾ ਦੋਸ਼ ਲਗਾਇਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਰ ਐੱਸ ਐੱਸ ਭਾਜਪਾ ਸਮਰਥਿਤ ਏ.ਬੀ.ਵੀ.ਪੀ., ਡੀ.ਯੂ. ਚੋਣਾਂ ਦੀ ਲੋਕਤੰਤਰੀ ਭਾਵਨਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐੱਨ.ਐੱਸ.ਯੂ.ਆਈ. ਦੇ ਪ੍ਰਧਾਨ ਵਰੁਣ ਚੌਧਰੀ ਨੇ ਏ.ਬੀ.ਵੀ.ਪੀ. ਦੇ ਪ੍ਰਧਾਨ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ ਅਤੇ ਇਸ ਘਟਨਾ ਨੂੰ ਵੋਟ ਚੋਰੀ ਕਰਾਰ ਦਿੱਤਾ। ਏ.ਬੀ.ਵੀ.ਪੀ. ਸਮਰਥਕਾਂ ਨੇ ਵੀ ਦੋਸ਼ ਲਗਾਇਆ ਕਿ ਮੌਜੂਦਾ ਡੀ.ਯੂ.ਐੱਸ.ਯੂ. ਪ੍ਰਧਾਨ ਅਤੇ ਐੱਨ.ਐੱਸ.ਯੂ.ਆਈ. ਨੇਤਾ ਰੌਣਕ ਖੱਤਰੀ, ਬਾਹਰੀ ਲੋਕਾਂ ਦੇ ਨਾਲ, ਕਿਰੋੜੀ ਮੱਲ ਕਾਲਜ ਵਿੱਚ ਦਾਖਲ ਹੋਏ ਅਤੇ ਹੰਗਾਮਾ ਕੀਤਾ। ਖੱਤਰੀ ਨੇ ‘ਐਕਸ’ ਉੱਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ. ਵਿਦਿਆਰਥੀਆਂ ’ਤੇ ਵੋਟ ਪਾਉਣ ਲਈ ਦਬਾਅ ਪਾ ਰਿਹਾ ਹੈ।

Advertisement
Show comments