ਡੂਸੂ ਚੋਣਾਂ: ਪ੍ਰਚਾਰ ਦੇ ਆਖ਼ਰੀ ਦਿਨ ਜਥੇਬੰਦੀਆਂ ’ਚ ਟਕਰਾਅ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਮੰਗਲਵਾਰ ਨੂੰ ਕਿਰੋੜੀ ਮੱਲ ਕਾਲਜ (ਕੇ.ਐੱਮ.ਸੀ) ਵਿੱਚ ਐੱਨ.ਐੱਸ.ਯੂ.ਆਈ. ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ.ਬੀ.ਵੀ.ਪੀ.’ ਦੇ ਮੈਂਬਰਾਂ ਵਿਚਕਾਰ ਝੜਪ ਹੋਈ।
ਇਹ ਘਟਨਾ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਰਾਏ ਦੇ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਰਾਏ ਨੂੰ ਐੱਨ.ਐੱਸ.ਯੂ.ਆਈ. ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਬੁਲਾਇਆ ਗਿਆ ਸੀ। ਐੱਨ.ਐੱਸ.ਯੂ.ਆਈ. ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ‘ਆਰ.ਐੱਸ.ਐੱਸ. ਦੀ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੇ ਮੈਂਬਰਾਂ ਨੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਲਈ ਉਸ ਦੇ ਪੂਰਵਾਂਚਲ ਵਿਦਿਆਰਥੀ ਸਮਰਥਕਾਂ ’ਤੇ ਹਮਲਾ ਕੀਤਾ। ਇਨ੍ਹਾਂ ਦੋਸ਼ਾਂ ’ਤੇ ਏ.ਬੀ.ਵੀ.ਪੀ. ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਕਾਂਗਰਸੀ ਵਿੰਗ ਐੱਨ.ਐੱਸ.ਯੂ.ਆਈ. ਦੇ ਇੱਕ ਵਿਦਿਆਰਥੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਪੂਰਵਾਂਚਲ ਦੇ ਵਿਦਿਆਰਥੀਆਂ ਪ੍ਰਤੀ ਏ.ਬੀ.ਵੀ.ਪੀ. ਦੀ ਡੂੰਘੀ ਨਫ਼ਰਤ ਅਤੇ ਐੱਨ.ਐੱਸ.ਯੂ.ਆਈ. ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਉਨ੍ਹਾਂ ਦੀ ਨਿਰਾਸ਼ਾ ਹੈ। ਕੈਂਪਸ ਤੋਂ ਬਾਹਰ ਨਿਕਲਦੇ ਸਮੇਂ ਅਜੈ ਰਾਏ ਨੇ ਕਿਹਾ ਕਿ ਐੱਨ.ਐੱਸ.ਯੂ.ਆਈ. ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਏ.ਬੀ.ਵੀ.ਪੀ. ਡਰਿਆ ਹੋਇਆ ਹੈ। ਕੇ.ਐੱਮ.ਸੀ. ਵਿੱਚ ਹਿੰਸਾ ਉਨ੍ਹਾਂ ਦੇ ਡਰ ਦਾ ਸਬੂਤ ਹੈ। ਦੋਵਾਂ ਜਥੇਬੰਦੀਆਂ ਦੇ ਮੈਂਬਰਾਂ ਵਿਚਕਾਰ ਝੜਪਾਂ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ।