ਇੱਥੋਂ ਦੇ ਪ੍ਰੈੱਸ ਕਲੱਬ ਆਫ਼ ਇੰਡੀਆ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ 2025 ਵਿੱਚ ‘ਐੱਸਐੱਫਆਈ’ ਅਤੇ ‘ਆਇਸਾ’ ਨੇ ਗੱਠਜੋੜ ਦਾ ਐਲਾਨ ਕੀਤਾ ਹੈ। ਗਠਜੋੜ ਤਹਿਤ ਪ੍ਰਧਾਨ ਅਤੇ ਸੰਯੁਕਤ ਸਕੱਤਰ ਤੇ ਅਹੁਦੇ ਲਈ ‘ਆਇਸਾ’ ਦਾ ਉਮੀਦਵਾਰ ਮੈਦਾਨ ਵਿੱਚ ਹੋਵੇਗਾ ਜਦੋਂ ਕਿ ‘ਐੱਸਐੱਫਆਈ’ ਮੀਤ ਪ੍ਰਧਾਨ ਅਤੇ ਸਕੱਤਰ ਦੀ ਚੋਣ ਲੜੇਗੀ।
ਬੀਤੇ ਸਾਲ ਵੀ ਦੋਵਾਂ ਵਿਦਿਆਰਥੀ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਚੋਣਾਂ ਲੜੀਆਂ ਸਨ। ਪ੍ਰੈੱਸ ਕਾਨਫਰੰਸ ਵਿੱਚ ਐੱਸਐੱਫਆਈ ਦਿੱਲੀ ਸਟੇਟ ਸੈਕਟਰੀ, ਆਇਸ਼ੀ ਘੋਸ਼ ਨੇ ਕਿਹਾ ਕਿ ਐੱਸਐੱਫਆਈ ਅਤੇ ਆਇਸਾ ਦਿੱਲੀ ਯੂਨੀਵਰਸਿਟੀ ਦੀ ਰਾਜਨੀਤੀ ਵਿੱਚ ਪੈਸੇ ਅਤੇ ਤਾਕਤ ਦੇ ਦਬਦਬੇ ਦੇ ਵਿਰੁੱਧ ਮੋਹਰੀ ਤਾਕਤਾਂ ਰਹੀਆਂ ਹਨ। ਪਿਛਲੇ ਸਾਲ ਵੀ ਪੈਨਲ 9,000 ਦੇ ਨੇੜੇ ਵੋਟਾਂ ’ਤੇ ਪਹੁੰਚਿਆ ਸੀ ਅਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਵਿੱਚ ਇੱਕ ਮਜ਼ਬੂਤ ਤੀਜੀ ਧਿਰ ਬਣਿਆ ਸੀ। ‘ਆਇਸਾ’ ਦੇ ਪ੍ਰਧਾਨ ਸੈਵੀ ਨੇ ਕਿਹਾ ਕਿ ਇਹ ਗਠਜੋੜ ਅਜਿਹੇ ਸਮੇਂ ਆਇਆ ਹੈ ਜਦੋਂ ਯੂਨੀਵਰਸਿਟੀਆਂ ’ਤੇ ਹਮਲਾ ਹੋ ਰਿਹਾ ਹੈ। ਹਰ ਕੋਰਸ ਅਤੇ ਕਾਲਜ ਵਿੱਚ ਜ਼ਬਰਦਸਤ ਫੀਸ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੈਟਰੋ ਕਿਰਾਏ ਵਿੱਚ ਵਾਧਾ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿਗਠਜੋੜ ਵੱਲੋਂ ਦੋ ਸਤੰਬਰ ਨੂੰ ਡੀਯੂ ਵਿੱਚ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ। ਉਸ ਵਿੱਚ ਫ਼ਰਜ਼ੀ ਐੱਸਈਸੀ ਵੀਏਸੀ ਕੋਰਸਾਂ ਨੂੰ ਖਤਮ ਕਰਨ ਸਣੇ ਆਦਿ ਮੰਗਾਂ ਦੀ ਮੰਗ ਕੀਤੀ ਜਾਵੇਗੀ।