'Dunki' route - NIA arrests: ਐਨਆਈਏ ਵੱਲੋਂ 'ਡੰਕੀ' ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ
NIA arrests 2 key men involved in human trafficking to US via 'dunki' route
ਨਵੀਂ ਦਿੱਲੀ, 5 ਜੁਲਾਈ
ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੌਮੀ ਜਾਂਚ ਏਜੰਸੀ (National Investigation Agency - NIA) ਨੇ ਬਦਨਾਮ 'ਡੰਕੀ' ਰੂਟ ('dunki' route) ਰਾਹੀਂ ਅਮਰੀਕਾ ਵਿੱਚ ਮਨੁੱਖੀ ਤਸਕਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਇੱਕ-ਇੱਕ ਸਥਾਨ 'ਤੇ ਤਲਾਸ਼ੀ ਮਗਰੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
NIA ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮਾਂ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦਾ ਰਹਿਣ ਵਾਲਾ ਸੰਨੀ ਉਰਫ਼ ਸੰਨੀ ਡੋਨਕਰ ਅਤੇ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਰਹਿਣ ਵਾਲੇ ਸ਼ੁਭਮ ਸੰਧਲ ਉਰਫ਼ ਦੀਪ ਹੁੰਡੀ ਸ਼ਾਮਲ ਹਨ। ਦੀਪ ਹੁੰਡੀ ਇਸ ਸਮੇਂ ਬਾਹਰੀ ਦਿੱਲੀ ਦੇ ਪੀਰਾਗੜ੍ਹੀ ਵਿੱਚ ਰਹਿ ਰਿਹਾ ਸੀ। ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਾਂਚ ਏਜੰਸੀ ਨੇ ਕਿਹਾ ਕਿ ਦੋਵੇਂ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ ਦੇ ਸਾਥੀ ਹਨ, ਜਿਸ ਨੂੰ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗਗਨਦੀਪ ਨੂੰ ਇੱਕ ਪੀੜਤ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਡੰਕੀ ਰੂਟ ਦੀ ਵਰਤੋਂ ਕਰਕੇ ਮਨੁੱਖੀ ਤਸਕਰੀ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਅਤੇ ਬੀਤੇ ਫਰਵਰੀ ਮਹੀਨੇ ਦੌਰਾਨ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਸੀ।
ਐਨਆਈਏ ਨੇ 27 ਜੂਨ ਨੂੰ ਇਸ ਮਾਮਲੇ ਵਿੱਚ ਨਵੀਂ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਚਾਰਜਸ਼ੀਟ ਕੀਤਾ ਸੀ। ਐਨਆਈਏ ਦੀ ਜਾਂਚ ਦੇ ਅਨੁਸਾਰ ਗਗਨਦੀਪ ਹਰੇਕ ਯਾਤਰੀ ਤੋਂ ਲਗਭਗ 45 ਲੱਖ ਰੁਪਏ ਲੈਂਦਾ ਸੀ ਅਤੇ ਉਨ੍ਹਾਂ ਨੂੰ ਵਾਜਬ ਕਾਨੂੰਨੀ ਵੀਜ਼ਾ ਦਿਵਾ ਕੇ ਅਮਰੀਕਾ ਭੇਜਣ ਦਾ ਵਾਅਦਾ ਕਰਦਾ ਸੀ, ਪਰ ਆਖ਼ਰ ਉਸ ਨੂੰ ਖ਼ਤਰਨਾ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਭੇਜਿਆ ਜਾਂਦਾ ਸੀ। ਉਹ ਇਨ੍ਹਾਂ ਲੋਕਾਂ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ, ਪਨਾਮਾ ਅਤੇ ਮੈਕਸੀਕੋ ਸਮੇਤ ਵੱਖ-ਵੱਖ ਮੁਲਕਾਂ ਰਾਹੀਂ ਇੱਕ ਔਖੀ ਯਾਤਰਾ ਦੌਰਾਨ ਅਮਰੀਕਾ ਭੇਜਦਾ ਸੀ। -ਪੀਟੀਆਈ