ਡੀਯੂ ਨੇ ਅੰਤਰ-ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ’ਚ 16 ਪੁਰਸਕਾਰ ਜਿੱਤੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਫਰਵਰੀ
ਦਿੱਲੀ ਯੂਨੀਵਰਸਿਟੀ ਨੇ ਏਆਈਯੂ ਦੇ 38ਵੇਂ ਅੰਤਰ-ਯੂਨੀਵਰਸਿਟੀ ਖੇਤਰੀ ਯੁਵਕ ਮੇਲੇ ਵਿੱਚ ਕੁੱਲ 16 ਪੁਰਸਕਾਰ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਯੂ ਕਲਚਰ ਕੌਂਸਲ ਦੇ ਚੇਅਰਮੈਨ ਅਨੂਪ ਲਾਥੇਰ ਨੇ ਦੱਸਿਆ ਕਿ ਸਟਰਲਿੰਗ ਗਲੋਬਲ ਯੂਨੀਵਰਸਿਟੀ, ਹਿਸਾਰ ਵਿੱਚ 8 ਤੋਂ 12 ਫਰਵਰੀ ਤੱਕ ਕਰਵਾਏ ਗਏ ਇਸ ਫੈਸਟੀਵਲ ਵਿੱਚ ਦਿੱਲੀ ਯੂਨੀਵਰਸਿਟੀ ਦੀਆਂ ਕੁੱਲ 20 ਟੀਮਾਂ ਵਿੱਚੋਂ 41 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਡੀਯੂ ਦੇ ਵਿਦਿਆਰਥੀਆਂ ਨੇ ਪੰਜ ਪਹਿਲਾ, ਚਾਰ ਦੂਜਾ, ਪੰਜ ਤੀਜਾ, ਇੱਕ ਚੌਥਾ ਅਤੇ ਇੱਕ ਪੰਜਵਾਂ ਇਨਾਮ ਜਿੱਤਿਆ।
ਡੀਯੂ ਕਲਚਰ ਕੌਂਸਲ ਦੇ ਡੀਨ ਪ੍ਰੋ. ਰਵਿੰਦਰ ਰਵੀ ਨੇ ਦੱਸਿਆ ਕਿ ਸੰਗੀਤ ਵਰਗ ਵਿੱਚ ਵੀ ਦਿੱਲੀ ਯੂਨੀਵਰਸਿਟੀ ਓਵਰਆਲ ਟਰਾਫੀ ਦੀ ਪਹਿਲੀ ਜੇਤੂ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਹਿਤਕ ਵਰਗ ਵਿੱਚ ਡੀਯੂ ਓਵਰਆਲ ਟਰਾਫੀ ਦੀ ਉਪ ਜੇਤੂ ਰਹੀ। ਇਸ ਤੋਂ ਇਲਾਵਾ ਫੈਸਟੀਵਲ ਦੀ ਓਵਰਆਲ ਟਰਾਫੀ ਵਿੱਚ ਵੀ ਦਿੱਲੀ ਯੂਨੀਵਰਸਿਟੀ ਫਸਟ ਰਨਰ ਅੱਪ ਰਹੀ ਹੈ।
ਡਾ. ਰਵੀ ਰਵਿੰਦਰ ਨੇ ਦੱਸਿਆ ਕਿ ਡੀਯੂ ਦੀਆਂ ਟੀਮਾਂ ਨੇ ਵੈਸਟਰਨ ਇੰਸਟਰੂਮੈਂਟਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਸੋਲੋ (ਪਰਕਸ਼ਨ), ਵੈਸਟਰਨ ਵੋਕਲ, ਆਨ ਸਪਾਟ ਫੋਟੋਗ੍ਰਾਫੀ ਅਤੇ ਕੁਇਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਲਾਸੀਕਲ ਵੋਕਲ, ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ-ਪਰਕਸ਼ਨ), ਆਨ ਦਾ ਸਪਾਟ ਪੇਂਟਿੰਗ ਅਤੇ ਡਿਬੇਟ ਦੇ ਵਰਗਾਂ ਵਿੱਚ ਡੀਯੂ ਦੀਆਂ ਟੀਮਾਂ ਦੂਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਲਾਈਟ ਵੋਕਲ (ਇੰਡੀਅਨ), ਗਰੁੱਪ ਸਿੰਗਿੰਗ, ਕਲਾਸੀਕਲ ਡਾਂਸ, ਮਿਮਿਕਰੀ ਅਤੇ ਕਾਰਟੂਨਿੰਗ ਦੇ ਵਰਗਾਂ ਵਿੱਚ ਡੀਯੂ ਦੀਆਂ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉਸ ਨੇ ਕਾਲਜ ਅਤੇ ਭਾਸ਼ਣ ਵਰਗ ਵਿੱਚ ਕ੍ਰਮਵਾਰ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ।