ਯੂਨੈਸਕੋ ਦੀ ਤਿਉਹਾਰਾਂ ਦੀ ਸੂਚੀ ਵਿੱਚ ਸ਼ਾਮਲ ਹੋਈ ਦੀਵਾਲੀ
ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਨੂੰ ਬੁੱਧਵਾਰ ਨੂੰ ਯੂਨੈਸਕੋ (UNESCO) ਦੀ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ (Intangible Cultural Heritage) ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਫੈਸਲਾ ਦਿੱਲੀ ਵਿੱਚ ਲਾਲ ਕਿਲੇ ’ਤੇ ਕਰਵਾਈ ਯੂਨੈਸਕੋ ਦੀ ਇੱਕ ਅਹਿਮ ਬੈਠਕ ਵਿੱਚ ਲਿਆ ਗਿਆ।
ਇਹ ਪਹਿਲੀ ਵਾਰ ਹੈ ਕਿ ਭਾਰਤ ਅਮੂਰਤ ਸੱਭਿਆਚਾਰਕ ਵਿਰਾਸਤ (ICH) ਦੀ ਸੰਭਾਲ ਲਈ ਅੰਤਰ-ਸਰਕਾਰੀ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਸ ਕਮੇਟੀ ਦਾ 20ਵਾਂ ਸੈਸ਼ਨ ਲਾਲ ਕਿਲੇ ਵਿੱਚ 8 ਤੋਂ 13 ਦਸੰਬਰ ਤੱਕ ਚੱਲ ਰਿਹਾ ਹੈ। ਯੂਨੈਸਕੋ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਇਸ ਵੱਕਾਰੀ ਸੂਚੀ ਵਿੱਚ ਸ਼ਾਮਲ ਕਰਨ ਦੇ ਐਲਾਨ ਤੋਂ ਬਾਅਦ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਗੂੰਜ ਉੱਠੇ।
ਯੂਨੈਸਕੋ ਦਾ ਦਰਜਾ ਮਿਲਣ ਨਾਲ ਦੀਵਾਲੀ ਦੀ ਵਿਸ਼ਵਵਿਆਪੀ ਪ੍ਰਸਿੱਧੀ ਵਧੇਗੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਤਿਉਹਾਰ ਦੀ ਵਿਸ਼ਵਵਿਆਪੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਵੇਗਾ।
ਮੋਦੀ ਨੇ ਯੂਨੈਸਕੋ ਵੱਲੋਂ ਦੀਪਾਵਲੀ ਨੂੰ ਆਪਣੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ ਭਾਰਤ ਅਤੇ ਦੁਨੀਆ ਭਰ ਦੇ ਲੋਕ ਰੋਮਾਂਚਿਤ ਹਨ ਦੀਵਾਲੀ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਇਹ ਸਾਡੀ ਸੱਭਿਅਤਾ ਦਾ ਸਾਰ ਹੈ। ਇਹ ਗਿਆਨ ਅਤੇ ਧਰਮ ਦਾ ਪ੍ਰਤੀਕ ਹੈ। ਦੀਵਾਲੀ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਤਿਉਹਾਰ ਦੀ ਵਿਸ਼ਵਵਿਆਪੀ ਪ੍ਰਸਿੱਧੀ ਵਿੱਚ ਹੋਰ ਵੀ ਵਾਧਾ ਹੋਵੇਗਾ। ਸ਼੍ਰੀ ਰਾਮ ਦੇ ਆਦਰਸ਼ ਸਾਡਾ ਸਦੀਵੀ ਰੂਪ ਵਿੱਚ ਮਾਰਗਦਰਸ਼ਨ ਕਰਦੇ ਰਹਿਣ।”
ਦੱਸ ਦਈਏ ਕਿ ਦੀਵਾਲੀ ਨੂੰ ਸ਼ਾਮਲ ਕਰਨ ਨਾਲ, ਭਾਰਤ ਦੀਆਂ 15 ਚੀਜ਼ਾਂ ਹੁਣ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਕੁੰਭ ਮੇਲਾ, ਕੋਲਕਾਤਾ ਦੀ ਦੁਰਗਾ ਪੂਜਾ, ਗੁਜਰਾਤ ਦਾ ਗਰਬਾ ਡਾਂਸ, ਯੋਗ, ਵੈਦਿਕ ਮੰਤਰਾਂ ਦੇ ਉਚਾਰਨ ਦੀ ਪਰੰਪਰਾ ਅਤੇ ਰਾਮਲੀਲਾ ਮਹਾਂਕਾਵਿ ‘ਰਾਮਾਇਣ’ ਦਾ ਰਵਾਇਤੀ ਪ੍ਰਦਰਸ਼ਨ ਸ਼ਾਮਲ ਹਨ।
