ਦੀਵਾਲੀ ਦਾ ਤੋਹਫ਼ਾ: ਪਾਣੀ ਦੇ ਬਿੱਲ ’ਤੇ ਲੀਟ ਫੀਸ ਮੁਆਫ਼ ਕਰਨ ਦਾ ਐਲਾਨ
ਦਿੱਲੀ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਆਖਿਆ ਕਿ ਅਗਲੇ ਸਾਲ 31 ਜਨਵਰੀ ਤੱਕ ਪਾਣੀ ਦੇ ਬਿੱਲਾਂ ’ਤੇ ਕੋਈ ਲੇਟ ਫੀਸ ਨਹੀਂ ਵਸੂਲੀ ਜਾਵੇਗੀ। ਇਹ ਰਕਮ ਅੰਦਾਜ਼ਨ 31 ਜਨਵਰੀ ਤੱਕ 11,000 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 31 ਜਨਵਰੀ ਤੋਂ 31 ਮਾਰਚ, 2026 ਤੱਕ ਲੇਟ ਫੀਸ ’ਤੇ ਸਰਚਾਰਜ ’ਤੇ 70 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ। ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਨੇ ਘਰੇਲੂ ਸ਼੍ਰੇਣੀ ਵਿੱਚ ਗੈਰ-ਕਾਨੂੰਨੀ ਪਾਣੀ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਫੀਸ ਅਤੇ ਜੁਰਮਾਨੇ ਨੂੰ ਮੌਜੂਦਾ 25,000 ਰੁਪਏ ਤੋਂ ਘਟਾ ਕੇ 1,000 ਰੁਪਏ ਕਰਨ ਦਾ ਫੈਸਲਾ ਕੀਤਾ ਹੈ ਅਤੇ ਗੈਰ-ਘਰੇਲੂ ਸ਼੍ਰੇਣੀ ਵਿੱਚ ਚਾਰਜ 61,000 ਰੁਪਏ ਤੋਂ ਘਟਾ ਕੇ 5,000 ਰੁਪਏ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ 29 ਲੱਖ ਅਣ-ਅਧਿਕਾਰਤ ਪਾਣੀ ਕੁਨੈਕਸ਼ਨ ਹਨ। ਦਿੱਲੀ ਜਲ ਬੋਰਡ ਨੂੰ ਪਾਣੀ ਦੇ ਬਿੱਲਾਂ (ਸਾਰੀਆਂ ਸ਼੍ਰੇਣੀਆਂ-ਘਰੇਲੂ, ਸਰਕਾਰੀ ਅਤੇ ਵਪਾਰਕ ਸਮੇਤ) ਦੀ ਕੁੱਲ ਬਕਾਇਆ ਰਕਮ 87,589 ਕਰੋੜ ਰੁਪਏ ਇਕੱਠੀ ਕਰਨੀ ਹੈ। ਇਸ ਵਿੱਚੋਂ ਮੂਲ ਰਕਮ 7,125 ਕਰੋੜ ਰੁਪਏ ਹੈ ਅਤੇ ਲੇਟ ਪੇਮੈਂਟ ਸਰਚਾਰਜ ਚਾਰਜ 80,463 ਕਰੋੜ ਰੁਪਏ ਹੈ, ਜੋ ਅਧਿਕਾਰੀਆਂ ਅਨੁਸਾਰ ਕੁੱਲ ਬਿੱਲ ਦਾ 91 ਪ੍ਰਤੀਸ਼ਤ ਹੈ।