ਦੀਵਾਲੀ ਕਾਰਨ ਸੜਕਾਂ ’ਤੇ ਵਾਹਨਾਂ ਦਾ ਘੜਮੱਸ
ਦੀਵਾਲੀ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਉੱਪਰ ਟਰੈਫਿਕ ਵਿਵਸਥਾ ਵਿਗੜ ਗਈ ਹੈ। ਪੁਲੀਸ ਤਾਇਨਾਤ ਹੋਣ ਦੇ ਬਾਵਜੂਦ ਆਵਾਜਾਈ ਸੁਚਾਰੂ ਰੂਪ ਵਿੱਚ ਬਹਾਲ ਰੱਖਣਾ ਚੁਣੌਤੀ ਬਣਿਆ ਹੋਇਆ ਹੈ। ਦਿੱਲੀ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਆਮ ਲੋਕਾਂ ਨੂੰ ਘੱਟਿਆਂਬੱਧੀ ਜਾਮ ਵਿੱਚ ਫਸਣਾ ਪਿਆ। ਲਾਜਪਤ ਨਗਰ ਤੋਂ ਚਾਂਦਨੀ ਚੌਕ ਤੱਕ 30 ਮਿੰਟ ਦਾ ਸਫ਼ਰ ਤੈਅ ਕਰਨ ਨੂੰ ਕਰੀਬ ਡੇਢ ਘੰਟਾ ਲੱਗਿਆ। ਦੀਵਾਲੀ ਲਈ ਖ਼ਰੀਦਦਾਰੀ ਕਰਨ ਲਈ ਵੱਡੀ ਗਿਣਤੀ ਲੋਕ ਬਾਜ਼ਾਰਾਂ ਵਿੱਚ ਆ ਰਹੇ ਹਨ, ਜਿਸ ਕਾਰਨ ਬਾਜ਼ਾਰਾਂ ਬਹੁਤ ਭੀੜ ਹੈ। ਅੱਜ ਦਿੱਲੀ ਦੇ ਮੁੱਖ ਬਾਜ਼ਾਰ ਚਾਂਦਨੀ ਚੌਕ, ਸਦਰ ਬਾਜ਼ਾਰ, ਕਰੋਲ ਬਾਗ, ਲਾਜਪਤ ਨਗਰ, ਕਮਲਾ ਨਗਰ, ਰਾਜੌਰੀ ਗਾਰਡਨ ਅਤੇ ਕਨਾਟ ਪਲੇਸ ਵਿੱਚ ਭਾਰੀ ਜਾਮ ਲੱਗਿਆ ਰਿਹਾ। ਸਿਲੈਕਟ ਸਿਟੀ ਵਾਕ ਵਰਗੇ ਮਾਲਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਵੀ ਵਾਹਨਾਂ ਦਾ ਘੜਮੱਸ ਰਿਹਾ ਤੇ ਜਾਮ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੇ ਮੰਨਿਆ ਕਿ ਆਮ ਦਿਨਾਂ ਦੇ ਮੁਕਾਬਲੇ ਵਾਹਨਾਂ ਦੀ ਗਿਣਤੀ ਲਗਪਗ ਦੁੱਗਣੀ ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਮੁੱਖ ਜੰਕਸ਼ਨਾਂ ’ਤੇ ਪੁਲੀਸ ਤਾਇਨਾਤ ਹੈ ਅਤੇ ਟੋਅ ਵੈਨਾਂ ਗੈਰ-ਕਾਨੂੰਨੀ ਤੌਰ ’ਤੇ ਪਾਰਕ ਕੀਤੇ ਵਾਹਨਾਂ ਨੂੰ ਹਟਾਉਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਬਹਾਲ ਰੱਖਣ ਲਈ ਪੂਰੀ ਵਾਹ ਲਈ ਜਾ ਰਹੀ ਹੈ।