ਪਰਿਵਾਰਕ ਝਗੜੇ ਤੋਂ ਪ੍ਰੇਸ਼ਾਨ ਨੌਜਵਾਨ ਹਸਪਤਾਲ ਦੀ ਛੱਤ ’ਤੇ ਚੜਿ੍ਹਆ
ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ ਸਥਿਤ ਸੰਜੈ ਗਾਂਧੀ ਹਸਪਤਾਲ ਵਿੱਚ ਅੱਜ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਕ 25 ਸਾਲਾ ਨੌਜਵਾਨ ਪਰਿਵਾਰਕ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਹਸਪਤਾਲ ਦੀ ਛੇ ਮੰਜ਼ਿਲਾ ਇਮਾਰਤ ਦੀ ਛੱਤ ’ਤੇ ਚੜ੍ਹ ਗਿਆ ਅਤੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਚਾ ਲਿਆ।
ਪੁਲੀਸ ਅਧਿਕਾਰੀਆਂ ਅਨੁਸਾਰ ਨੌਜਵਾਨ ਦੀ ਪਛਾਣ ਰਾਹੁਲ ਮੰਡਲ ਵਜੋਂ ਹੋਈ ਹੈ, ਜੋ ਨਸ਼ੇ ਦਾ ਆਦੀ ਹੈ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਬਚਾਅ ਕਾਰਜ ਦੌਰਾਨ ਉਹ ਬਹੁਤ ਜ਼ਿਆਦਾ ਨਸ਼ੇ ਵਿੱਚ ਅਤੇ ਪਸੀਨੇ ਨਾਲ ਭਿੱਜਿਆ ਹੋਇਆ ਸੀ, ਜਿਸ ਕਾਰਨ ਉਸ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ।
ਐਡੀਸ਼ਨਲ ਡੀ ਸੀ ਪੀ (ਆਊਟਰ) ਐੱਨ ਚੈਤੰਨਿਆ ਨੇ ਦੱਸਿਆ, ‘ਉਸ ਦੇ ਆਪਣੇ ਮਾਤਾ-ਪਿਤਾ ਨਾਲ ਕੁਝ ਮਸਲੇ ਸਨ, ਜਿਸ ਕਾਰਨ ਉਹ ਛੱਤ ਤੋਂ ਛਾਲ ਮਾਰਨ ਦੀ ਧਮਕੀ ਦੇ ਰਿਹਾ ਸੀ।’
ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀ ਅਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਇੱਕ ਵਿਅਕਤੀ ਪਿਛਲੀ ਰਾਤ ਤੋਂ ਛੱਤ ’ਤੇ ਹੈ। ਉਨ੍ਹਾਂ ਦੱਸਿਆ, ‘ਉਸ ਨੇ ਕਮੀਜ਼ ਵੀ ਨਹੀਂ ਪਹਿਨੀ ਸੀ ਅਤੇ ਪਸੀਨੇ ਕਾਰਨ ਉਸ ਦੇ ਹੱਥੋਂ ਤਿਲਕਣ ਦਾ ਖ਼ਤਰਾ ਸੀ। ਇਸ ਲਈ ਅਸੀਂ ਹੇਠਾਂ ਇੱਕ ਸੁਰੱਖਿਆ ਜਾਲ ਅਤੇ ਗੱਦੇ ਵਿਛਾ ਦਿੱਤੇ।’ ਬਚਾਅ ਟੀਮ ਨੇ ਪਹਿਲਾਂ ਨਾਲ ਲੱਗਦੀ ਮੰਜ਼ਿਲ ਤੋਂ ਉਸ ਦੀ ਲੱਤ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਫਾਇਰ ਫਾਈਟਰ ਨੇ ਉੱਪਰੋਂ ਛਾਲ ਮਾਰ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਤਿਲਕ ਗਿਆ। ਖੁਸ਼ਕਿਸਮਤੀ ਨਾਲ ਉਸ ਦੀ ਲੱਤ ਹੇਠੋਂ ਬੰਨ੍ਹੀ ਹੋਈ ਸੀ, ਜਿਸ ਕਾਰਨ ਉਹ ਹਵਾ ਵਿੱਚ ਲਟਕ ਗਿਆ। ਟੀਮ ਨੇ ਉਸ ਨੂੰ ਕੰਧ ਨਾਲ ਲਗਾ ਕੇ ਰੱਖਿਆ ਅਤੇ ਹੌਲੀ-ਹੌਲੀ ਉਸ ਨੂੰ ਹੇਠਾਂ ਵਾਲੀ ਖਿੜਕੀ ਰਾਹੀਂ ਅੰਦਰ ਖਿੱਚ ਲਿਆ। ਅਧਿਕਾਰੀ ਨੇ ਦੱਸਿਆ ਕਿ ਉਹ ਬਾਰ-ਬਾਰ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਚੁਣੌਤੀ ਦੇ ਰਿਹਾ ਸੀ ਕਿ ਜੇ ਇੱਕ ਪਾਸੇ ਜਾਲ ਲਗਾਇਆ ਤਾਂ ਉਹ ਦੂਜੇ ਪਾਸੇ ਛਾਲ ਮਾਰ ਦੇਵੇਗਾ।
ਰਾਹੁਲ ਦੇ ਪਿਤਾ ਸ਼ੰਕਰ ਨੇ ਦੱਸਿਆ, ‘ਉਹ ਨਸ਼ੇ ਦਾ ਆਦੀ ਹੈ। ਸ਼ਨਿਚਰਵਾਰ ਨੂੰ ਉਹ ਘਰੋਂ ਮੇਰਾ ਮੋਟਰਸਾਈਕਲ ਲੈ ਗਿਆ ਸੀ ਅਤੇ ਅਸੀਂ ਨਹੀਂ ਜਾਣਦੇ ਸੀ ਕਿ ਉਹ ਕਿੱਥੇ ਹੈ। ਮੈਂ ਆਪਣੇ ਇਲਾਜ ਲਈ ਕੁਝ ਪੈਸੇ ਰੱਖੇ ਸਨ, ਉਹ ਵੀ ਲੈ ਗਿਆ। ਜਦੋਂ ਮੈਂ ਪੈਸੇ ਨਹੀਂ ਦਿੰਦਾ ਤਾਂ ਉਹ ਮੈਨੂੰ ਕੁੱਟਦਾ ਹੈ।’ ਉਨ੍ਹਾਂ ਦੱਸਿਆ ਕਿ ਉਹ ਉਤਰਾਖੰਡ ਦੇ ਊਧਮਪੁਰ ਦੇ ਰਹਿਣ ਵਾਲੇ ਹਨ ਅਤੇ ਰਾਹੁਲ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖਲ ਕਰਵਾ ਚੁੱਕੇ ਹਨ। -ਪੀਟੀਆਈ