ਡਿਸਪੈਂਸਰੀ ਦੇ ਸਾਈਨ ਬੋਰਡ ਤੋਂ ਵਿਵਾਦ
ਪੁਰਾਣੀ ਦਿੱਲੀ ਵਿੱਚ ‘ਹਿੰਦੁਸਤਾਨੀ ਦਾਵਾਖਾਨਾ ਤੇ ਆਯੁਸ਼ਮਾਨ ਅਰੋਗਿਆ ਮੰਦਰ’ ਦੇ ਸਾਈਨ ਬੋਰਡ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ‘ਆਪ’ ਵਿਧਾਇਕ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਇਸੇ ਦੌਰਾਨ ਕੁੱਝ ਲੋਕਾਂ ਵੱਲੋਂ ਬੋਰਡ ਲਾਹ ਦਿੱਤਾ ਗਿਆ ਹੈ। ‘ਆਪ’ ਵਿਧਾਇਕ ਇਮਰਾਨ ਹੁਸੈਨ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਲਿਖ ਕੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ। ਪੁਰਾਣੀ ਦਿੱਲੀ ਦੇ ਗਲੀ ਕਾਸਿਮ ਖ਼ਾਨ ਵਿੱਚ ਸਥਿਤ ਇਤਿਹਾਸਕ ਡਿਸਪੈਂਸਰੀ ਤੇ ਆਯੁਸ਼ਮਾਨ ਅਰੋਗਿਆ ਮੰਦਰ ਦਾ ਬੋਰਡ ਲਗਾਉਣ ਨੂੰ ਸਥਾਨਕ ਲੋਕ ਫਿਰਕਾਪ੍ਰਸਤੀ ਤਾਕਤਾਂ ਦੀ ਇੱਕ ਚਾਲ ਮੰਨ ਰਹੇ ਹਨ। ਆਪਣੇ ਪੱਤਰ ਵਿੱਚ ਇਮਰਾਨ ਹੁਸੈਨ ਨੇ ਕਿਹਾ ਕਿ ਹਿੰਦੁਸਤਾਨੀ ਦਵਾਖਾਨਾ ਇਸ ਖੇਤਰ ਦੀ ਇੱਕ ਪੁਰਾਣੀ ਸੱਭਿਆਚਾਰਕ ਅਤੇ ਡਾਕਟਰੀ ਵਿਰਾਸਤ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇੱਥੇ ਕੋਈ ਵੀ ਅਜਿਹਾ ਬੋਰਡ ਨਾ ਲਗਾਇਆ ਜਾਵੇ, ਜਿਸ ਨਾਲ ਵਿਵਾਦ ਦੀ ਸਥਿਤੀ ਪੈਦਾ ਹੋ ਸਕੇ। ਸਥਾਨਕ ਲੋਕ ਮੰਦਰ ਸ਼ਬਦ ’ਤੇ ਵੀ ਇਤਰਾਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਸਪੈਂਸਰੀ ਨੂੰ ਹਮੇਸ਼ਾ ਹਿੰਦੁਸਤਾਨੀ ਦਾਵਾਖਾਨਾ ਕਿਹਾ ਜਾਂਦਾ ਸੀ, ਹੁਣ ਇਸ ਨੂੰ ‘ਮੰਦਰ’ ਕਿਉਂ ਲਿਖਿਆ ਜਾ ਰਿਹਾ ਹੈ। ਇਮਰਾਨ ਹੁਸੈਨ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਦਾ ਤੁਰੰਤ ਨੋਟਿਸ ਲਵੇ ਅਤੇ ਇਲਾਕੇ ਦੀ ਸੱਭਿਆਚਾਰਕ ਵਿਰਾਸਤ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਬੋਰਡ ਨੂੰ ਬਦਲੇ। ਉਧਰ ਦਿੱਲੀ ਭਾਜਪਾ ਦੇ ਬੁਲਾਰੇ ਅਤੇ ਪ੍ਰਵੀਨ ਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨੇ ਡਿਸਪੈਂਸਰੀ ਨੂੰ ਆਯੁਸ਼ਮਾਨ ਯੋਜਨਾ ਵਿੱਚ ਸ਼ਾਮਲ ਕੀਤਾ ਸੀ ਅਤੇ ਸਿਹਤ ਵਿਭਾਗ ਵੱਲੋਂ ਉੱਥੇ ‘ਆਯੁਸ਼ਮਾਨ ਅਰੋਗਿਆ ਮੰਦਰ’ ਯੋਜਨਾ ਦੇ ਨਾਂ ਵਾਲਾ ਬੋਰਡ ਲਗਾਇਆ ਗਿਆ ਸੀ।