DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸਤਕ ‘ਸਿਮਿਓਟਿਕਸ ਸੰਵਾਦ: ਸੱਭਿਆਚਾਰ, ਕਲਾ, ਸਾਹਿਤ ਤੇ ਇਤਿਹਾਸ’ ’ਤੇ ਚਰਚਾ

ਇਥੇ ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਮਹੀਨਾਵਾਰ ਪੁਸਤਕ ਚਰਚਾ ਦੇ ਪ੍ਰੋਗਰਾਮ ਤਹਿਤ ਇਸ ਵਾਰ ਪ੍ਰੋ. ਈਸ਼ਵਰ ਦਿਆਲ ਗੌੜ ਦੀ ਪੁਸਤਕ ‘ਸਿਮਿਓਟਿਕਸ ਅਤੇ ਸੰਵਾਦ: ਸਭਿਆਚਾਰ, ਕਲਾ, ਸਾਹਿਤ ਤੇ ਇਤਿਹਾਸ’ ਉਪਰ ਸਦਨ ਵਿੱਚ ਚਰਚਾ...
  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਮਹਿੰਦਰ ਸਿੰਘ ਸੰਬੋਧਨ ਕਰਦੇ ਹੋਏ।
Advertisement

ਇਥੇ ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਮਹੀਨਾਵਾਰ ਪੁਸਤਕ ਚਰਚਾ ਦੇ ਪ੍ਰੋਗਰਾਮ ਤਹਿਤ ਇਸ ਵਾਰ ਪ੍ਰੋ. ਈਸ਼ਵਰ ਦਿਆਲ ਗੌੜ ਦੀ ਪੁਸਤਕ ‘ਸਿਮਿਓਟਿਕਸ ਅਤੇ ਸੰਵਾਦ: ਸਭਿਆਚਾਰ, ਕਲਾ, ਸਾਹਿਤ ਤੇ ਇਤਿਹਾਸ’ ਉਪਰ ਸਦਨ ਵਿੱਚ ਚਰਚਾ ਕੀਤੀ ਗਈ। ਜਿਸ ਵਿੱਚ ਸੈਂਟਰਲ ਯੂਨੀਵਰਸਿਟੀ, ਬਠਿੰਡਾ ਤੋਂ ਪ੍ਰੋ. ਰਮਨਪ੍ਰੀਤ ਕੌਰ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਡਾ. ਯਾਦਵਿੰਦਰ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ (ਆਨਲਾਈਨ) ਡਾ. ਕੰਵਲਦੀਪ ਕੌਰ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੀ ਪ੍ਰਧਾਨਗੀ ਜੇਐੱਨਯੂ ਤੋਂ ਪ੍ਰੋਫੈਸਰ ਇਮੈਰੀਟਸ ਹਰਜੀਤ ਸਿੰਘ ਗਿੱਲ ਨੇ (ਆਨਲਾਈਨ) ਕੀਤੀ। ਲੇਖਕ ਪ੍ਰੋ. ਈਸ਼ਵਰ ਦਿਆਲ ਗੌੜ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਪਰੰਤ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਵਕਤਿਆਂ ਅਤੇ ਪੁਸਤਕ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਸਭ ਤੋਂ ਪਹਿਲਾਂ ਪ੍ਰੋ. ਈਸ਼ਵਰ ਦਿਆਲ ਗੌੜ ਨੇ ਸਭਿਆਚਾਰ ਦੇ ਸੰਕਲਪ ’ਤੇ ਚਰਚਾ ਕਰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਵਿੱਚ ਇਸ ਦੀ ਚਰਚਾ ਸਮਾਜ ਸ਼ਾਸਤਰੀ ਪਰਿਪੇਖ ਤੋਂ ਹੋਈ ਹੈ, ਬਣਤਰ ਜਾਂ ਰੂਹਾਨੀ ਪੱਖੋਂ ਨਹੀਂ। ਇਹ ਪੁਸਤਕ ਸੱਭਿਆਚਾਰ ਦੀ ਅੰਤਰੀਵ ਬਣਤਰ ਦੀ ਵਿਆਖਿਆ ਕਰਨ ਵੱਲ ਰੁਚਿਤ ਹੈ ਅਤੇ ਇਸ ਦੇ ਪ੍ਰੇਰਨਾ ਸਰੋਤ ਪ੍ਰੋ. ਹਰਜੀਤ ਸਿੰਘ ਗਿੱਲ ਨੇ ਸਭਿਆਚਾਰ ਬਾਰੇ ਅੰਗਰੇਜ਼ੀ ’ਚ ਲਿਖੇ ਲੇਖ ਹਨ। ਪ੍ਰੋ. ਰਮਨਪ੍ਰੀਤ ਕੌਰ ਨੇ 7 ਹਿੱਸਿਆਂ ’ਚ ਵੰਡੀ ਹੋਈ ਇਸ ਪੁਸਤਕ ਦੀ ਵਿਧੀ, ਉਦੇਸ਼ ਅਤੇ ਉਪਯੋਗਤਾ ਦੇ ਪੱਖੋਂ ਚਰਚਾ ਕੀਤੀ। ਉਨ੍ਹਾਂ ਅਨੁਸਾਰ ਇਸ ਪੁਸਤਕ ’ਚ ਪਰੰਪਰਕ ਚਿੰਤਨ, ਸੰਵਾਦ ਦੇ ਨਾਲ ਨਾਲ ਇਕਅਰਥਤਾ ਤੋਂ ਬਹੁਅਰਥੀ ਵੰਨ-ਸੁਵੰਨਤਾ ਦੇ ਦੀਦਾਰੇ ਹੁੰਦੇ ਹਨ। ਡਾ. ਯਾਦਵਿੰਦਰ ਸਿੰਘ ਨੇ ਪੁਸਤਕ ਦੀ ਵਿਸ਼ਾਲਤਾ ਤੇ ਡੂੰਘਾਈ ’ਤੇ ਚਾਨਣਾ ਪਾਉਂਦਿਆਂ ਕਿਹਾ ਪੁਸਤਕ ਵਿੱਚ ਭਾਰਤੀ, ਯੂਰਪੀ ਤੇ ਯੂਨਾਨੀ ਚਿੰਤਕਾਂ ਦੇ ਹਵਾਲੇ ਨਾਲ ਸਭਿਆਚਾਰ ਦੇ ਤ੍ਰਿੰਜਣੀ ਚਰਿੱਤਰ ਨੂੰ ਉਘਾੜਿਆ ਗਿਆ ਹੈ। ਉਨ੍ਹਾਂ ਅਗੇ ਕਿਹਾ ਕਿ ਮੂਲ ਰੂਪ ’ਚ ਇਹ ਪੁਸਤਕ ਪ੍ਰੋ. ਗਿੱਲ ਬਾਰੇ ਲਿਖਿਆ ਮੋਨੋਗ੍ਰਾਫ ਹੈ ਜਿਸ ਵਿੱਚ ਅਰਥ-ਸਾਰਥਕਤਾ ਤੇ ਅਰਥ ਵਿਸਤਾਰ ਦੇ ਡੂੰਘੇ ਆਯਾਮ ਹਨ। ਡਾ. ਕੰਵਲਦੀਪ ਕੌਰ ਨੇ ਸਿਮਿਓਟਿਕਸ ਨੂੰ ਪਰਿਭਾਸ਼ਿਤ ਕਰਦਿਆਂ ਪਾਠ ਦੀ ਪੜ੍ਹਨ ਵਿਧੀ ਦੀ ਗੱਲ ਕਰਦਿਆਂ ਵਿਰੋਧ ਜੁਟਾਂ ਦੇ ਮਾਧਿਅਮ ਰਾਹੀਂ ਅਰਥ-ਸਾਰਥਕਤਾ ਦੇ ਪੈਟਰਨ ਨੂੰ ਉਘਾੜਿਆ। ਉਹਨਾਂ ਅਨੁਸਾਰ ਲਿਖਤ, ਅਰਥਾਂ ਦੇ ਇੰਦ੍ਰਿਆਵੀ ਪੱਧਰ ਤੋਂ ਬੌਧਕ ਤੇ ਕਲਪਨਾਤਮਿਕ ਪੱਧਰ ਦਾ ਸਫ਼ਰ ਤੈਅ ਕਰਦੀ ਹੈ ਜਿਸ ਨੂੰ ਪਾਠਕ ਨੇ ਫੜਨਾ ਹੁੰਦਾ ਹੈ। ਅਖੀਰ ’ਚ ਪ੍ਰੋ. ਹਰਜੀਤ ਸਿੰਘ ਗਿੱਲ ਨੇ ਵਕਤਿਆਂ ਦੀ ਪੁਸਤਕ ਬਾਰੇ ਕੀਤੇ ਖੁਲਾਸੇ ਦੀ ਸ਼ਲਾਘਾ ਕੀਤੀ। ਅਖੀਰ ਵਿੱਚ ਹਰਮਨਗੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋ. ਗੁਰਪ੍ਰੀਤ ਮਹਾਜਨ ਸਹਿਤ ਵੱਡੇ ਪੱਧਰ ’ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜ-ਵਿਦਿਆਰਥੀਆਂ ਨੇ ਵੀ ਹਾਜ਼ਰੀ ਭਰੀ।

Advertisement
Advertisement
×