ਭਾਈ ਵੀਰ ਸਿੰਘ ਸਦਨ ਵਿੱਚ ਅਧਿਆਤਮ ਤੇ ਸਿਹਤ ਸਬੰਧੀ ਚਰਚਾ
ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਅਤੇ ਗੁਰੁ ਹਰਿਕ੍ਰਿਸ਼ਨ ਮੈਡੀਕਲ ਫਾਰਮ ਦੇ ਸਾਂਝੇ ਉਦਮ ਰਾਹੀਂ ਮੈਡੀਕਲ ਕਨਕਲੇਵ 2025 ਤਹਿਤ ‘ਸਪਰਿਚੁਐਲਿਟੀ ਨੇਚਰ ਐਂਡ ਯੂਨੀਫਾਈ ਬੌਡੀ, ਮਾਈਂਡ ਐਂਡ ਸਪਰਿਟ’ ਵਿਸ਼ੇ ‘ਤੇ ਸਦਨ ਵਿਖੇ ਚਰਚਾ ਹੋਈ। ਮੁੱਖ ਮਹਿਮਾਨ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਡਾ. ਐੱਮ. ਸ੍ਰੀਨਿਵਾਸ ਸਨ। ਆਰੰਭ ’ਚ ਬੀਬੀ ਤਰਨਜੀਤ ਕੌਰ ਅਤੇ ਤਮਨਪ੍ਰੀਤ ਕੌਰ ਨੇ ਭਾਈ ਸਾਹਿਬ ਰਚਿਤ ਕਵਿਤਾ ਸੁਣਾਈ। ਉਪਰੰਤ ਡਾ. ਜੀਐੱਸ ਗਰੇਵਾਲ ਨੇ ਸਿਹਤ ਤੇ ਅਧਿਆਤਮ ਸਬੰਧੀ ਮੁਢਲੇ ਸ਼ਬਦ ਕਹਿੰਦਿਆਂ ਸਭ ਨੂੰ ਜੀਓ-ਆਇਆਂ ਕਿਹਾ। ਇਸ ਤੋਂ ਬਾਅਦ ਡਾ. ਹਰਮੀਤ ਸਿੰਘ ਰੇਹਾਨ ਨੇ ‘ਤੁਹਾਡੀ ਸਿਹਤ ਤੁਹਾਡੇ ਹੱਥ ’ਚ’ ਸਿਰਲੇਖ ਹੇਠ ਮੁਕੱਰਰ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਐੱਮ. ਸ੍ਰੀਨਿਵਾਸ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਆਪਣੇ ਤਜਰਬੇ ਸਾਂਝੇ ਕੀਤੀ। ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀਬੀਐੱਸ. ਸਿੱਧੂ ਅਤੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ ਨੇ ਡਾ. ਸ੍ਰੀਨਿਵਾਸ ਦਾ ਸਨਮਾਨ ਕੀਤਾ। ਉਪਰੰਤ ਡਾ. ਦਿਨੇਸ਼ ਕਟਾਰੀਆ ਨੇ ਆਪਣੇ ਸੁੰਦਰ ਅੰਦਾਜ਼ ’ਚ ਜ਼ਿੰਦਗੀ ਨੂੰ ਉਦੇਸ਼ ਅਤੇ ਸਮਾਜਿਕਤਾ ਨਾਲ ਜੋੜਦਿਆਂ ਇਸ ਦੇ ਅਧਿਆਤਮ ਨੂੰ ਉਘਾੜਿਆ। ਡਾ. ਮੋਹਿਤ ਦਿਆਲ ਗੁਪਤਾ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡਾ. ਵਨੀਤਾ, ਡਾ. ਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਆਈਪੀਐੱਸ ਕਾਲਰਾ, ਡਾ. ਏਐੱਸ ਸੋਇਨ, ਡਾ. ਕੇਐੱਸ ਚੱਢਾ, ਡਾ. ਕੇਐੱਸ ਆਨੰਦ, ਡਾ. ਜੇਐੱਸ ਸੂਰੀ, ਮੇਜਰ ਜਨਰਲ ਡਾ. ਜਗਤਾਰ ਸਿੰਘ ਅਤੇ ਡਾ. ਆਰਐੱਸ ਗਾਂਧੀ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ, ਮਨਜੀਤ ਕੌਰ ਨਾਗ ਅਤੇ ਹਰਮਨਗੀਤ ਕੌਰ ਹਾਜ਼ਰ ਸਨ।