ਧਨਖੜ 100 ਦਿਨਾਂ ਤੋਂ ਪੂਰੀ ਤਰ੍ਹਾਂ ‘ਖ਼ਾਮੋਸ਼’’ , ਵਿਦਾਇਗੀ ਸਮਾਰੋਹ ਨਹੀਂ ਹੋਇਆ: ਕਾਂਗਰਸ
ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪਿਛਲੇ 100 ਦਿਨਾਂ ਤੋਂ ਪੂਰੀ ਤਰ੍ਹਾਂ ਖਾਮੋਸ਼ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਧਨਖੜ ਆਪਣੇ ਤੋਂ ਪਹਿਲੇ ਉਪ ਰਾਸ਼ਟਰਪਤੀਆਂ ਵਾਂਗ ਘੱਟੋ-ਘੱਟ ਵਿਦਾਇਗੀ ਸਮਾਗਮ ਦੇ ਹੱਕਦਾਰ ਸਨ।
ਰਮੇਸ਼ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ ਅਚਾਨਕ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 21 ਜੁਲਾਈ ਨੂੰ ਦੇਰ ਰਾਤ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ। ਇਹ ਸਪੱਸ਼ਟ ਸੀ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਭਾਵੇਂ ਉਹ ਦਿਨ-ਰਾਤ ਪ੍ਰਧਾਨ ਮੰਤਰੀ ਦੇ ਸੋਹਲੇ ਗਾਉਂਦੇ ਰਹਿੰਦੇ ਸਨ।’’
ਕਾਂਗਰਸੀ ਆਗੂ ਨੇ ਕਿਹਾ ਰਾਜ ਸਭਾ ਦੇ ਚੇਅਰਮੈਨ ਵਜੋਂ ਸਾਬਕਾ ਉਪ ਰਾਸ਼ਟਰਪਤੀ ਵਿਰੋਧੀ ਧਿਰ ਦੇ ਚੰਗੇ ਦੋਸਤ ਨਹੀਂ ਸਨ। ਉਹ ਲਗਾਤਾਰ ਅਤੇ ਬੇਇਨਸਾਫ਼ੀ ਨਾਲ ਵਿਰੋਧੀ ਧਿਰ ਦੀ ਖਿਚਾਈ ਕਰਦੇ ਸਨ। ਫਿਰ ਵੀ ਜਮਹੂਰੀ ਰਵਾਇਤਾਂ ਮੁਤਾਬਕ, ਵਿਰੋਧੀ ਧਿਰ ਇਹ ਕਹਿ ਰਹੀ ਹੈ ਕਿ ਉਹ ਘੱਟੋ-ਘੱਟ ਵਿਦਾਇਗੀ ਸਮਾਗਮ ਦੇ ਹੱਕਦਾਰ ਹਨ, ਜਿਵੇਂ ਉਨ੍ਹਾਂ ਤੋਂ ਪਹਿਲੇ ਉਪ ਰਾਸ਼ਟਰਪਤੀਆਂ ਨੂੰ ਮਿਲਦੀ ਰਹੀ ਹੈ, ਪਰ ਅਜਿਹਾ ਨਹੀਂ ਹੋਇਆ।
