ਡੀਜੀਸੀਏ ਵੱਲੋਂ ਪਾਇਲਟਾਂ ਦੀ ਥਕਾਵਟ ਦੀ ਸਮੱਸਿਆ ਨਾਲ ਨਜਿੱਠਣ ਲਈ ਏਅਰਲਾਈਨਾਂ ਨੂੰ ਨਿਰਦੇਸ਼
Aviation watchdog DGCA tightens measures to tackle pilot fatigue ਹਵਾਈ ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਪਾਇਲਟਾਂ ਦੀਆਂ ਥਕਾਵਟ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਮੱਦੇਨਜ਼ਰ ਭਾਰਤੀ ਏਅਰਲਾਈਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਸ ਸੰਸਥਾ ਨੇ ਏਅਰਲਾਈਨਾਂ ਨੂੰ ਕਿਹਾ ਹੈ ਕਿ ਹੁਣ ਪਾਇਲਟਾਂ ਲਈ ਰੋਸਟਰ ਤਿਆਰ ਕਰਨ ਵਾਲਿਆਂ ਨੂੰ ਥਕਾਵਟ ਪ੍ਰਬੰਧਨ ਬਾਰੇ ਚੰਗੀ ਤਰ੍ਹਾਂ ਸਿਖਲਾਈ ਦੇਣ। ਉਨ੍ਹਾਂ ਕਿਹਾ ਕਿ ਕਾਕਪਿਟ ਚਾਲਕ ਦਲ ਦੇ ਮੈਂਬਰ ਥਕਾਵਟ ਕਾਰਨ ਕੋਈ ਗਲਤੀ ਨਾ ਕਰ ਬੈਠਣ ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਿਚ ਕੁਝ ਬਦਲਾਅ ਕਰਨ ਦੀ ਯੋਜਨਾ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰਲਾਈਨਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਪਾਇਲਟਾਂ ਦੇ ਥਕਾਵਟ ਪ੍ਰਬੰਧਨ ਤੇ ਸਿਖਲਾਈ ਪ੍ਰਾਪਤ ਚਾਲਕ ਦਲ ਦੀ ਗਿਣਤੀ, ਥਕਾਵਟ ਬਾਰੇ ਪ੍ਰਾਪਤ ਹੋਈਆਂ ਰਿਪੋਰਟਾਂ ਦੀ ਗਿਣਤੀ ਜਾਂ ਰੱਦ ਕੀਤੀਆਂ ਗਈਆਂ ਇਸ ਸਬੰਧੀ ਅਰਜ਼ੀਆਂ ਬਾਰੇ ਜਾਣਕਾਰੀ ਮੰਗੀ ਹੈ ਤੇ ਇਸ ਸਬੰਧੀ ਤਿਮਾਹੀ ਰਿਪੋਰਟਾਂ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਏਅਰਲਾਈਨਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਜੇ ਉਹ ਕਿਸੇ ਪਾਇਲਟ ਦੀ ਥਕਾਵਟ ਸਬੰਧੀ ਅਰਜ਼ੀ ਨੂੰ ਰੱਦ ਕਰਦੇ ਹਨ ਤਾਂ ਉਸ ਵਿਚ ਇਸ ਦਾ ਕਾਰਨ ਜ਼ਰੂਰ ਲਿਖਿਆ ਜਾਵੇ।
ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਡੀਜੀਸੀਏ ਨੂੰ ਕਈ ਮਹੀਨਿਆਂ ਤੋਂ ਏਅਰਲਾਈਨਾਂ ਤੋਂ ਥਕਾਵਟ ਰਿਪੋਰਟਾਂ ਪ੍ਰਾਪਤ ਨਹੀਂ ਹੋ ਰਹੀਆਂ ਹਨ ਜਿਸ ਕਰ ਕੇ ਡੀਜੀਸੀਏ ਨੇ ਨਿਯਮ ਸਖਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਦੇ ਪਾਇਲਟਾਂ ਸਬੰਧੀ ਨਿਯਮ ਸੋਧੇ ਗਏ ਸਨ ਜਿਨ੍ਹਾਂ ਨੂੰ ਲਾਗੂ ਕਰਨ ਦਾ ਇੰਡੀਗੋ ਅਤੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਸ਼ੁਰੂ ਵਿੱਚ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸੋਧੇ ਹੋਏ ਨਿਯਮਾਂ ਦੇ ਦੂਜੇ ਪੜਾਅ ਵਿਚ ਕੁਝ ਛੋਟਾਂ ਦਿੱਤੀਆਂ ਗਈਆਂ ਤੇ ਇਹ ਪਹਿਲੀ ਨਵੰਬਰ ਤੋਂ ਲਾਗੂ ਹੋ ਗਿਆ।
