ਦਿੱਲੀ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਦੀ ਚਾਦਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜਨਵਰੀ
ਦਿੱਲੀ ਰਾਜਧਾਨੀ ਅਤੇ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਅੱਜ ਸੰਘਣੀ ਧੁੰਦ ਛਾਈ ਰਹੀ। ਭਾਰਤੀ ਮੌਸਮ ਵਿਭਾਗ ਨੇ 17 ਜਨਵਰੀ ਲਈ ਦੇਸ਼ ਦੀ ਰਾਜਧਾਨੀ ਵਿੱਚ ਦਰਮਿਆਨੀ ਤੋਂ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਸੀ।
ਇਸ ਧੁੰਦ ਤੇ ਘੱਟ ਦ੍ਰਿਸ਼ਟੀ ਕਾਰਨ ਰੁਕਾਵਟ ਹੋਈ ਜਿਸ ਕਾਰਨ ਉੱਤਰੀ ਭਾਰਤ ਵਿੱਚ ਬਹੁਤ ਸਾਰੀਆਂ ਰੇਲਗੱਡੀਆਂ ਦੇਰੀ ਨਾਲ ਚੱਲੀਆਂ। ਇਸ ਨਾਲ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦ੍ਰਿਸ਼ਟੀ ਸਮੱਸਿਆਵਾਂ ਨੇ ਰੇਲਵੇ ਸੰਚਾਲਨ ਨੂੰ ਪ੍ਰਭਾਵਿਤ ਕੀਤਾ। ਧੁੰਦ ਕਾਰਨ ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀਆਂ 27 ਰੇਲਗੱਡੀਆਂ ਦੇਰੀ ਨਾਲ ਚੱਲੀਆਂ। ਇਸ ਦੌਰਾਨ ਨਵੀਂ ਦਿੱਲੀ ਦੇ ਆਈਜੀਆਈ ਹਵਾਈ ਅੱਡੇ ’ਤੇ ਧੁੰਦ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ।
ਭਾਰਤੀ ਰੇਲਵੇ ਨੇ ਦੱਸਿਆ ਕਿ ਉਂਚਾਹਾਰ ਐਕਸਪ੍ਰੈਸ (14217) ਆਪਣੇ ਸਮੇਂ ਤੋਂ 215 ਮਿੰਟ ਪਿੱਛੇ ਚੱਲੀ। ਵਿਕਰਮਸ਼ੀਲਾ ਐਕਸਪ੍ਰੈਸ (12367), ਏਪੀ ਐਕਸਪ੍ਰੈਸ (20805), ਅਤੇ ਆਰ ਕੇ ਐਮਪੀ ਨਿਜ਼ਾਮੂਦੀਨ ਐਕਸਪ੍ਰੈਸ (12155), ਕੈਫੀਅਤ ਐਕਸਪ੍ਰੈਸ (12225) 178 ਮਿੰਟ ਦੀ ਦੇਰੀ ਨਾਲ ਤੇ ਪ੍ਰਯਾਗਰਾਜ ਐਕਸਪ੍ਰੈਸ (12418) 110 ਮਿੰਟ ਦੀ ਦੇਰੀ ਨਾਲ ਚੱਲੀ। ਇਸੇ ਦੌਰਾਨ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਕਿਹਾ ਕਿ ਸੀਏਟੀ III ਅਧੀਨ ਨਾ ਆਉਂਦੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਕਰ ਕੇ ਯਾਤਰੀ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।
ਇੰਡੀਗੋ ਨੇ ਡਵਾਈਜ਼ਰੀ ਵੀ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਧੁੰਦ ਕਾਰਨ ਤੇ ਘੱਟ ਵਿਜ਼ੀਬਿਲਟੀ ਕਾਰਨ ਫਲਾਈਟ ਸ਼ਡਿਊਲ ਵਿੱਚ ਬਦਲਾਅ ਹੋ ਸਕਦਾ ਹੈ। ਇਸ ਕਰ ਕੇ ਅਪੀਲ ਕੀਤੀ ਜਾਂਦੀ ਕਿ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਸਟੇਟਸ ਬਾਰੇ ਅਪਡੇਟ ਰਹੋ। ਸ਼ੁੱਕਰਵਾਰ ਸਵੇਰੇ ਬਾਹਰੀ ਦਿੱਲੀ ਦੇ ਕੁਝ ਹਿੱਸੇ ਬਹੁਤ ਸੰਘਣੀ ਧੁੰਦ ਨਾਲ ਢੱਕੇ ਹੋਏ ਮਿਲੇ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਥਾਈਂ ਟ੍ਰੈਫਿਕ ਜਾਮ ਹੋ ਗਿਆ। ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਭਾਰਤੀ ਮੌਸਮ ਵਿਭਾਗ ਨੇ 19 ਡਿਗਰੀ ਸੈਲਸੀਅਸ ਦੇ ਵੱਧ ਤੋਂ ਵੱਧ ਤਾਪਮਾਨ ਨਾਲ ਧੁੰਦ ਵਾਲੇ ਦਿਨ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਮੁਤਾਬਕ ਸ਼ਨਿਚਰਵਾਰ ਦੇ ਨਾਲ-ਨਾਲ ਐਤਵਾਰ ਨੂੰ ਵੀ ਸੰਘਣੀ ਧੁੰਦ ਛਾਈ ਰਹੇਗੀ। ਸਵੇਰੇ 8:30 ਵਜੇ ਰਾਸ਼ਟਰੀ ਰਾਜਧਾਨੀ ਦਾ ਤਾਪਮਾਨ 11 ਡਿਗਰੀ ਸੈਲਸੀਅਸ ਸੀ ਅਤੇ ਨਮੀ 97% ਸੀ। ਆਈਐਮਡੀ ਵੱਲੋਂ ਕਿਹਾ ਗਿਆ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ 1-3 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਦਿੱਲੀ ਦਾ ਏਕਿਊਆਈ 294 ਸੀ।