ਮਨੁੱਖੀ ਅਧਿਕਾਰ ਦਿਵਸ ’ਤੇ ਪ੍ਰਦਰਸ਼ਨ
‘ਸੈਂਟਰ ਫਾਰ ਸਟ੍ਰਗਲਿੰਗ ਵੂਮੈਨ’ ਨੇ ਹੋਰ ਮਹਿਲਾ ਸੰਗਠਨਾਂ ਨਾਲ ਮਿਲ ਕੇ ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ’ਤੇ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੁਨੀਆ ਭਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਸਰਕਾਰਾਂ ਦੇ ਦਾਅਵੇ ਖੋਖਲੇ ਹਨ, ਅਸਲ ਵਿੱਚ ਸਾਰੀ ਦੁਨੀਆ ਵਿੱਚ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਨੂੰ ਮਾਰਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਸਭ ਨੂੰ ਇੱਕੋ ਜਿਹਾ ਜੀਵਨ ਜੀਣ ਦਾ ਹੱਕ ਹੈ ਤੇ ਸਿਆਸੀ ਧਿਰਾਂ ਨੂੰ ਇਸ ਏਜੰਡੇ ਨੂੰ ਲਾਗੂ ਕਰਨਾ ਚਾਹੀਦਾ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਔਰਤਾਂ ਨੇ ਮਨੁੱਖੀ ਹੱਕਾਂ ਲਈ ਨਾਅਰੇਬਾਜ਼ੀ ਵੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗਾਜ਼ਾ ਵਿੱਚ ਚੱਲ ਰਹੀ ਨਸਲਕੁਸ਼ੀ ਉਨ੍ਹਾਂ ਸਰਕਾਰਾਂ ਦੇ ਪਖੰਡ ਦਾ ਪ੍ਰਮਾਣ ਹੈ ਜੋ ਖੁੱਲ੍ਹੇਆਮ ਜਾਂ ਗੁਪਤ ਰੂਪ ਵਿੱਚ ਇਜ਼ਰਾਈਲ ਦਾ ਸਮਰਥਨ ਕਰਦੀਆਂ ਹਨ। ਗਾਜ਼ਾ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਲੋਕਾਂ ਦੀ ਮੌਤ ਦੇ ਬਾਵਜੂਦ, ਇਜ਼ਰਾਈਲ ਦੁਨੀਆ ਦੀਆਂ ਸਾਰੀਆਂ ਪੂੰਜੀਵਾਦੀ ਤੇ ਸਾਮਰਾਜਵਾਦੀ ਸ਼ਕਤੀਆਂ ਦੇ ਸਮਰਥਨ ਨਾਲ ਇਹ ਨਸਲਕੁਸ਼ੀ ਜਾਰੀ ਰੱਖ ਰਿਹਾ ਹੈ।
