ਐਨੀਮਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਪ੍ਰਦਰਸ਼ਨ
ਅੱਜ ਇਥੇ ਐਨੀਮਲ ਵੈੱਲਫੇਅਰ ਆਰਗੇਨਾਈਜੇਸ਼ਨ ਦੇ ਮੈਂਬਰਾਂ ਅਤੇ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਨੇ ਉੱਤਰੀ ਦਿੱਲੀ ਦੇ ਰੋਹਿਣੀ ਵਿੱਚ ਇੱਕ ਅਵਾਰਾ ਕੁੱਤਿਆਂ ਦੇ ਸ਼ੈਲਟਰ ਹੋਮ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਜਾਨਵਰਾਂ ਪ੍ਰਤੀ ਬੇਰਹਿਮੀ ਦਾ ਦੋਸ਼ ਲਗਾਇਆ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ-ਐਨਸੀਆਰ ਦੇ ਆਸਰਾ ਘਰਾਂ ਤੋਂ ਟੀਕਾਕਰਨ ਕੀਤੇ ਅਵਾਰਾ ਕੁੱਤਿਆਂ ਨੂੰ ਛੱਡਣ ’ਤੇ ਪਾਬੰਦੀ ਲਗਾਉਣ ਵਾਲੇ ਆਪਣੇ 11 ਅਗਸਤ ਦੇ ਨਿਰਦੇਸ਼ਾਂ ’ਚ ਸੋਧ ਕਰਦਿਆਂ ਇਸ ਨੂੰ ‘ਬਹੁਤ ਸਖ਼ਤ’ ਕਰਾਰ ਦਿੱਤਾ ਅਤੇ ਕੁੱਤਿਆਂ ਨੂੰ ਨਸਬੰਦੀ ਅਤੇ ਕੀੜੇ-ਮਕੌੜਿਆਂ ਤੋਂ ਮੁਕਤ ਕਰਨ ਤੋਂ ਬਾਅਦ ਛੱਡਣ ਦਾ ਆਦੇਸ਼ ਦਿੱਤਾ। ਪੁਲੀਸ ਦੇ ਅਨੁਸਾਰ, ਸ਼ੁੱਕਰਵਾਰ ਨੂੰ ਸੈਕਟਰ 27 ਵਿੱਚ ਸ਼ੈਲਟਰ ਘਰ ਅੱਗੇ ਹੋਏ ਵਿਰੋਧ ਪ੍ਰਦਰਸ਼ਨ ਬਾਰੇ ਸ਼ਾਹਬਾਦ ਦੇ ਪੁਲੀਸ ਸਟੇਸ਼ਨ ਨੂੰ ਇੱਕ ਫੋਨ ਆਇਆ ਸੀ। ਪੁਲੀਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੁੱਤਿਆਂ ਨਾਲ ਦੁਰਵਿਹਾਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਇਮਾਰਤ ਦਾ ਨਿਰੀਖਣ ਕਰਨ ਲਈ ਤੁਰੰਤ ਪਹੁੰਚ ਦੀ ਮੰਗ ਕੀਤੀ। ਸਥਿਤੀ ਨੂੰ ਦੇਖਦੇ ਹੋਏ, ਵਿਵਸਥਾ ਬਣਾਈ ਰੱਖਣ ਲਈ ਇੱਕ ਟੀਮ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਪ੍ਰਦਰਸ਼ਨਕਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ, ਪੰਜ-ਪੰਜ ਮੈਂਬਰਾਂ ਦੇ ਸਮੂਹਾਂ ਵੱਲੋਂ ਆਸਰਾ ਦੇ ਨਿਰੀਖਣ ਦੀ ਆਗਿਆ ਦਿੱਤੀ ਗਈ। ਨਿਰੀਖਣ ਦੌਰਾਨ ਪੁਲੀਸ ਨੇ ਦੇਖਿਆ ਕਿ ਸਹੂਲਤ ਵਿੱਚ 113 ਅਵਾਰਾ ਕੁੱਤੇ ਸਨ। ਅਧਿਕਾਰੀ ਨੇ ਕਿਹਾ, ਸਾਰੇ ਕੁੱਤੇ ਸਿਹਤਮੰਦ ਸਨ, ਜਿਨ੍ਹਾਂ ਵਿੱਚ ਬੇਰਹਿਮੀ ਜਾਂ ਦੁਰਵਿਹਾਰ ਦੇ ਕੋਈ ਸੰਕੇਤ ਨਹੀਂ ਸਨ। ਸਿਰਫ਼ ਇੱਕ ਕੁੱਤਾ ਬਿਮਾਰ ਸੀ ,ਜਿਸਦਾ ਇਲਾਜ ਚੱਲ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਤੱਥਾਂ ਬਾਰੇ ਦੱਸਿਆ ਗਿਆ ਤੇ ਉਹ ਸ਼ਾਂਤ ਹੋਏ।