ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ ’ਤੇ ਰੱਖਣ ਦੀ ਮੰਗ
ਰਾਸ਼ਟਰਪਤੀ ਮੁਰਮੂ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖਿਆ
ਦਿੱਲੀ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਜੁਨੇਜਾ ਫਾਊਂਡੇਸ਼ਨ ਦੇ ਮੁਖੀ ਅਤੇ ਪ੍ਰਮੁੱਖ ਪੰਜਾਬੀ ਉਦਯੋਗਪਤੀ ਅਜੇ ਸਿੰਘ ਜੁਨੇਜਾ ਨੇ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਇਹ ਮੰਗ ਰੱਖੀ ਹੈ।
ਸ੍ਰੀ ਜੁਨੇਜਾ ਨੇ ਪੱਤਰ ਵਿੱਚ ਲਿਖਿਆ ਕਿ 1675 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਨੇ ਧਰਮ ਦੀ ਰਾਖੀ ਤੇ ਹਰੇਕ ਦੇ ਸਨਮਾਨ ਨਾਲ ਜੀਵਨ ਜਿਉਣ ਦੇ ਵੱਡੇ ਆਸ਼ੇ ਨਾਲ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਹਿੰਦੂ ਧਰਮ ਦੀ ਰਾਖੀ ਲਈ ਅਤੇ ਦੇਸ਼ ਵਾਸੀਆਂ ਨੂੰ ਜਬਰ ਜ਼ੁਲਮ ਤੋਂ ਬਚਾਉਣ ਖ਼ਾਤਰ ਦਿੱਲੀ ਦੇ ਸੀਸਗੰਜ ਸਾਹਿਬ ਵਿਚ ਆਪਣਾ ਬਲਿਦਾਨ ਦਿੱਤਾ ਸੀ। ਰਾਸ਼ਟਰਪਤੀ ਦੇ ਨਾਂ ਭੇਜੇ ਗਏ ਪੱਤਰ ਵਿੱਚ ਸ੍ਰੀ ਜੁਨੇਜਾ ਨੇ ਕਿਹਾ ਕਿ ਉਨ੍ਹਾਂ ਦਾ ਬਲਿਦਾਨ ਸਾਹਸ, ਸਹਿਣਸ਼ੀਲਤਾ ਅਤੇ ਅਧਿਕਾਰਾਂ ਦੀ ਰਾਖੀ ਲਈ ਇੱਕ ਉਮਦਾ ਮਿਸਾਲ ਹੈ। ਇਸ ਲਈ ਕਮਾਂਤਰੀ ਅੱਡੇ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਉੱਪਰ ਰੱਖਣਾ ਨੌਵੇਂ ਪਾਤਸ਼ਾਹ ਨੂੰ ਇਹ ਢੁੱਕਵੀਂ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਏਕਤਾ, ਨਿਆਂ ਅਤੇ ਆਜ਼ਾਦੀ ਨਾਲ ਵਿਚਰਨ ਦੇ ਸਿਧਾਂਤ ਨੂੰ ਪੁਖਤਾ ਕੀਤਾ। ਉਨ੍ਹਾਂ ਦੀ ਇਸ ਲਾਸਾਨੀ ਕੁਰਬਾਨੀ ਤੋਂ ਅਗਲੀਆਂ ਪੀੜ੍ਹੀਆਂ ਹਮੇਸ਼ਾ ਹੀ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅਪੀਲ ਕੀਤੀ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਲਿਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਹਵਾਈ ਅੱਡੇ ਦਾ ਨਾਮਕਰਨ ਕੀਤਾ ਜਾਵੇ।

