ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਰੱਖਣ ਦੀ ਮੰਗ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਕੁਰਬਾਨੀ ਬਦਲੇ ਆਦਰ ਵਜੋਂ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ ਰੱਖਿਆ ਜਾਵੇ।
ਡਾ. ਸਾਹਨੀ ਨੇ ਯਾਦ ਕਰਵਾਉਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵਜੋਂ ਜਾਣਿਆ ਜਾਂਦਾ ਹੈ, ਨੇ 1675 ਵਿੱਚ ਆਪਣੇ ਧਰਮ ਲਈ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਲਈ ਦਰਜ ਹੋਈ ਪਹਿਲੀ ਕੁਰਬਾਨੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਉਨ੍ਹਾਂ ਦੀ ਸ਼ਹਾਦਤ ਦੇ ਪਵਿੱਤਰ ਸਥਾਨ ਦੇ ਨੇੜੇ ਸਥਿਤ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਗੂਰੂ ਸਾਹਿਬ ਦੇ ਨਾਂ ’ਤੇ ਰੱਖਣਾ ਇੱਕ ਢੁਕਵੀਂ ਸ਼ਰਧਾਂਜਲੀ ਹੋਵੇਗੀ। ਇਤਿਹਾਸਕ ਅਤੇ ਨੈਤਿਕ ਮਹੱਤਵ ’ਤੇ ਰੌਸ਼ਨੀ ਪਾਉਂਦਿਆਂ ਡਾ. ਸਾਹਨੀ ਨੇ ਸਦਨ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਦੀ ਹਕੂਮਤ ਦੌਰਾਨ ਹੋਏ ਅੱਤਿਆਚਾਰਾਂ ਅਤੇ ਉਸ ਹਿੰਮਤ ਦੀ ਯਾਦ ਦਿਵਾਈ ਜਿਸ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਜਬਰੀ ਧਰਮ ਪਰਿਵਰਤਨ ਵਿਰੁੱਧ ਖੜੇ ਹੋਏ ਸਨ।