ਯੂ.ਈ.ਆਰ. ਟੌਲ ਨੂੰ ਬੰਦ ਕਰਨ ਦੀ ਮੰਗ
ਬਾਹਰੀ ਦਿੱਲੀ ਵਿੱਚ ‘ਯੂ ਈ ਆਰ-2’ ਟੌਲ ਨੂੰ ਲੈ ਕੇ ਟਰਾਂਸਪੋਰਟਰਾਂ ਮਗਰੋਂ ਹੁਣ ਸਥਾਨਕ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਖ਼ਾਪ ਪੰਚਾਇਤਾਂ, ਸਮਾਜਿਕ ਜਥੇਬੰਦੀਆਂ ਸਮੇਤ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਯੂ ਈ ਆਰ-2 ਟੌਲ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਟੌਲ ਹਟਾਉਣ ਦੀ ਮੁਹਿੰਮ ਤੋਂ ਬਾਅਦ ਇਹ ਮੁੱਦਾ ਲਗਾਤਾਰ ਗਰਮਾ ਰਿਹਾ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਟੌਲ ਵਾਪਸ ਨਹੀਂ ਲਿਆ ਗਿਆ ਤਾਂ ਕਿਸਾਨ ਇਸ ਨੂੰ ਤਿੰਨ ਕਾਲੇ ਕਾਨੂੰਨਾਂ ਵਾਂਗ ਵਾਪਸ ਲੈਣ ਲਈ ਮਜਬੂਰ ਕਰਨਗੇ। ਕਿਸਾਨ ਅਸ਼ੋਕ ਨੇ ਕਿਹਾ ਕਿ ਸਾਰੇ ਪਿੰਡਾਂ ਅਤੇ ਕਲੋਨੀਆਂ ਦੇ ਲੋਕ ਇਸ ਟੌਲ ਤੋਂ ਪ੍ਰੇਸ਼ਾਨ ਹਨ। ਯੂ ਈ ਆਰ-2 ਦਿੱਲੀ ਵਿੱਚ ਆਵਾਜਾਈ ਘਟਾਉਣ ਲਈ ਬਣਾਇਆ ਗਿਆ ਸੀ ਪਰ ਮਹਿੰਗੇ ਟੌਲ ਤੋਂ ਬਚਣ ਲਈ ਲੋਕ ਪਿੰਡ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਹਨ। ਇਸ ਨਾਲ ਸੜਕਾਂ ’ਤੇ ਜਾਮ ਲੱਗ ਰਿਹਾ ਹੈ। ਡੀ ਡੀ ਏ ਨੇ ਕਿਸਾਨਾਂ ਦੀ ਜ਼ਮੀਨ ਸਸਤੇ ਰੇਟਾਂ ’ਤੇ ਖਰੀਦੀ ਅਤੇ ਉਸ ’ਤੇ ਯੂ ਈ ਆਰ-2 ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਇਸ ’ਤੇ ਟੌਲ ਨਹੀਂ ਲਗਾਇਆ ਜਾਣਾ ਚਾਹੀਦਾ। ਕਿਸਾਨਾਂ ਨੇ ਕਿਹਾ ਕਿ ਇੱਕ ਤੋਂ ਦੂਜੇ ਪਿੰਡਾਂ ਵਿੱਚ ਜਾਣ ਲਈ ਪਿੰਡ ਵਾਸੀਆਂ ਨੂੰ 235 ਰੁਪਏ ਦਾ ਟੌਲ ਦੇਣਾ ਪੈਂਦਾ ਹੈ। ਹੁਣ ਦਿੱਲੀ ਦੀ ਮੁੱਖ ਵਿਰੋਧੀ ਪਾਰਟੀ ‘ਆਪ’ ਨੇ ਵੀ ਪਿੰਡ ਵਾਸੀਆਂ ਦੇ ਟੌਲ ਹਟਾਉਣ ਦੀ ਮੰਗ ਕਰਨ ਵਾਲੇ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।