ਭਲਕੇ ਮਨਾਏ ਜਾਣ ਵਾਲੇ ਰੱਖੜੀ ਦੇ ਤਿਉਹਾਰ ਲਈ ਦਿੱਲੀ ਦੇ ਬਾਜ਼ਾਰ ਸੱਜ ਗਏ ਹਨ। ਹਲਵਾਈਆਂ ਵੱਲੋਂ ਭਾਂਤ ਭਾਂਤ ਦੀਆਂ ਮਠਿਆਈਆਂ ਬਣਾ ਕੇ ਆਪਣੀਆਂ ਦੁਕਾਨਾਂ ਸਜਾਈਆਂ ਹੋਈਆਂ ਹਨ ਅਤੇ ਗਾਹਕਾਂ ਦੀ ਭੀੜ ਸਾਰਾ ਦਿਨ ਲੱਗੀ ਰਹਿੰਦੀ ਹੈ।
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈੱਟ) ਦੇ ਅਨੁਸਾਰ ਇਸ ਸਾਲ ਵਪਾਰ ਵਿੱਚ 17 ਹਜ਼ਾਰ ਕਰੋੜ ਰੁਪਏ ਦਾ ਵੱਡਾ ਵਾਧਾ ਹੋਣ ਦੀ ਉਮੀਦ ਹੈ, ਜਦੋਂ ਕਿ ਮਠਿਆਈਆਂ, ਫਲ, ਤੋਹਫ਼ੇ ਅਤੇ ਸਬੰਧਿਤ ਚੀਜ਼ਾਂ ਲਈ 4 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਾਰੋਬਾਰ ਹੋਣ ਦਾ ਅਨੁਮਾਨ ਹੈ। ਦਿੱਲੀ ਭਰ ਦੇ ਬਾਜ਼ਾਰ ਹਰ ਵਰਗ ਦੇ ਲੋਕਾਂ ਨਾਲ ਭਰੇ ਹੋਏ ਹਨ, ਜੋ ਤਿਉਹਾਰ ਲਈ ਰੱਖੜੀ ਖਰੀਦਣ ਜਾ ਰਹੇ ਹਨ। ਦੁਕਾਨਦਾਰਾਂ ਨੇ ਵੱਖ-ਵੱਖ ਸ਼ੈਲੀ ਅਤੇ ਡਿਜ਼ਾਈਨ ਵਾਲੀਆਂ ਸੈਂਕੜੇ ਰੱਖੜੀਆਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਕੀਮਤ ਵੀ ਵੱਖ-ਵੱਖ ਹੈ। ਰੱਖੜੀ 10 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਦੇਖ ਜਾ ਸਕਦੀ ਹੈ। ਕੁਝ ਗਹਿਣਿਆਂ ਦੀਆਂ ਦੁਕਾਨਾਂ ਵੱਲੋਂ ਲੋਕਾਂ ਲਈ ਚਾਂਦੀ ਅਤੇ ਸੋਨੇ ਤੋਂ ਬਣੀ ਰੱਖੜੀ ਵੀ ਤਿਆਰ ਕੀਤੀ ਗਈ ਹੈ। ਦਿੱਲੀ ਵਿੱਚ ਸਦਰ ਬਾਜ਼ਾਰ, ਚਾਂਦਨੀ ਚੌਕ, ਹੌਜ ਖਾਸ, ਕਰੋਲ ਬਾਗ ਅਤੇ ਕਨਾਟ ਪਲੇਸ ਉਹ ਬਾਜ਼ਾਰ ਹਨ ਜਿੱਥੇ ਮਹਿੰਗੀਆਂ ਤੋਂ ਲੈ ਕੇ ਸਸਤੀਆਂ ਰੱਖੜੀਆਂ ਮਿਲਦੀਆਂ ਹਨ। ਦਿੱਲੀ ਸਰਕਾਰ ਵੱਲੋਂ ਰੱਖੜੀ ਵਾਲੇ ਦਿਨ 9 ਅਗਸਤ ਨੂੰ ਔਰਤਾਂ ਲਈ ਮੁਫ਼ਤ ਬੱਸ ਸਵਾਰੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਹਨ।