ਦਿੱਲੀ ਦੀ ਹਵਾ ਗੁਣਵੱਤਾ ‘ਬਹੁਤ ਮਾੜੀ’
ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ 9 ਵਜੇ ਔਸਤ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 303 ਤੱਕ ਪਹੁੰਚ ਗਿਆ ਜੋ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹਾਲੀਆ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਸੁਧਾਰ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸੇ ਜ਼ਹਿਰੀਲੇ ਧੂੰਏਂ ਦੀ ਸੰਘਣੀ ਪਰਤ ਵਿੱਚ ਢੱਕੇ ਹੋਏ ਸਨ। ਹੁਣ ਦਿਨੋਂ-ਦਿਨ ਠੰਢ ਵਧਣ ਲੱਗੀ ਹੈ ਜਿਸ ਕਰਕੇ ਪ੍ਰਦੂਸ਼ਣ ਦੇ ਵਧਣ ਦੇ ਵੀ ਆਸਾਰ ਬਣ ਗਏ।
ਆਨੰਦ ਵਿਹਾਰ ਅਤੇ ਆਈਟੀਓ ਵਰਗੇ ਖੇਤਰਾਂ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦੀ ਰਿਪੋਰਟ ਕੀਤੀ ਗਈ, ਜਿਸ ਨਾਲ ਦ੍ਰਿਸ਼ਟਤਾ ਕਾਫ਼ੀ ਘੱਟ ਗਈ। ਬੋਰਡ ਅਨੁਸਾਰ ਦਿੱਲੀ ਦੇ ਕਈ ਖੇਤਰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਗਏ। ਅਸ਼ੋਕ ਵਿਹਾਰ (322), ਬਵਾਨਾ (352), ਬੁਰਾੜੀ (318), ਚਾਂਦਨੀ ਚੌਕ (307), ਅਤੇ ਦਵਾਰਕਾ (307) ਸਮੇਤ ਕਈ ਹੋਰ ਮੁੱਖ ਸਟੇਸ਼ਨ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੇ।
ਬੋਰਡ ਅਨੁਸਾਰ ਏ ਕਿਊ ਆਈ ਜੋ ਕਿ ਸਿਫਰ (0) ਤੋਂ 500 ਤੱਕ ਹੈ। ਉਸ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਇੱਕ ਪ੍ਰਦੂਸ਼ਣ ਦੇ ਪੱਧਰ ਅਤੇ ਸਬੰਧਿਤ ਸਿਹਤ ਬਾਰੇ ਖ਼ਤਰਿਆਂ ਨੂੰ ਦਰਸਾਉਂਦਾ ਹੈ। ਦਿੱਲੀ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਵਿਗੜਦੀ ਹਵਾ ਦੀ ਗੁਣਵੱਤਾ ਦਾ ਮੁਕਾਬਲਾ ਕਰਨ ਲਈ, ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰਾਂ ਬਾਰੇ ਬਿਆਨ ਜਾਰੀ ਕੀਤਾ ਹੈ।
