ਦਿੱਲੀ ਦੀ ਹਵਾ ਗੁਣਵੱਤਾ ’ਚ ਥੋੜ੍ਹਾ ਸੁਧਾਰ
310 ਤੋਂ ਘਟ ਕੇ 269 ਰਿਹਾ ਏ ਕਿਊ ਆਈ, ਹਵਾ ਦੀ ਗੁਣਵੱਤਾ ਹਾਲੇ ਵੀ ਮਾੜੀ ਸ਼੍ਰੇਣੀ ’ਚ ਦਰਜ
ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਕਰ ਕੇ ਥੋੜ੍ਹੀ ਰਾਹਤ ਮਿਲੀ ਪਰ ਹਾਲਾਤ ਤਸੱਲੀਬਖਸ਼ ਨਹੀਂ ਹਨ। ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ 269 ਤੱਕ ਰਿਹਾ ਜੋ ਕਿ ਮੰਗਲਵਾਰ ਤੋਂ 310 ਦੇ ਅੰਕੜੇ ਤੋਂ ਹੇਠਾਂ ਆਇਆ ਹੈ।
ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਹਾਲੇ ਵੀ ‘ਮਾੜੀ ਸ਼੍ਰੇਣੀ’ ਵਿੱਚ ਸੀ। ਦਿੱਲੀ ਐੱਨ ਸੀ ਆਰ ਵਿੱਚ ਆਸਮਾਨ ਉੱਪਰ ਗੰਦਲਾਪਣ ਨਜ਼ਰ ਆ ਰਿਹਾ ਸੀ। 28 ਨਿਗਰਾਨੀ ਸਟੇਸ਼ਨਾਂ ਵਿੱਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦਕਿ ਨੌਂ ਸਟੇਸ਼ਨ ਬਹੁਤ ਮਾੜੀ ਸ਼੍ਰੇਣੀ ਵਿੱਚ ਰਹੇ। ਸਵੇਰ ਨੂੰ ਸਭ ਤੋਂ ਮਾੜੀ ਹਵਾ ਗੁਣਵੱਤਾ ਦਵਾਰਕਾ ਦੇ ਐੱਨ ਐੱਸ ਆਈ ਟੀ ਵਿੱਚ 324 ਤੇ ਬਵਾਨਾ ਵਿੱਚ 319 ਦਰਜ ਕੀਤੀ ਗਈ। ਜਹਾਂਗੀਰਪੁਰੀ, ਮੁੰਡਕਾ, ਨਹਿਰੂ ਨਗਰ, ਪੂਸਾ, ਵਿਵੇਕ ਵਿਹਾਰ ਤੇ ਵਜ਼ੀਰਪੁਰ ਵਰਗੇ ਖੇਤਰ ਵੀ 300 ਤੋਂ ਉੱਪਰ ਰੀਡਿੰਗ ਦੇ ਨਾਲ ਬਹੁਤ ਮਾੜੀ ਸ਼੍ਰੇਣੀ ਵਿੱਚ ਰਹੇ। ਸਿਰਫ਼ ਆਯਾ ਨਗਰ ਅਤੇ ਮੰਦਰ ਮਾਰਗ ਵਿੱਚ ਦਰਮਿਆਨੀ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ। ਮੰਗਲਵਾਰ ਸਵੇਰੇ ਸ਼ਹਿਰ ਦਾ ਸਮੁੱਚਾ ਏ ਕਿਊ ਆਈ ਮਾੜੀ ਸ਼੍ਰੇਣੀ ਵਿੱਚ 292 ਸੀ ਤੇ ਅਕਸ਼ਰਧਾਮ, ਗਾਜ਼ੀਪੁਰ ਤੇ ਆਨੰਦ ਵਿਹਾਰ ਸਮੇਤ ਕਈ ਖੇਤਰ 319 ਨਾਲ ਬਹੁਤ ਮਾੜੀ ਸ਼੍ਰੇਣੀ ਵਿੱਚ ਰਹੇ।
ਖੁੱਲ੍ਹੇ ’ਚ ਕੂੜਾ ਸਾੜਨ ਵਾਲਿਆਂ ’ਤੇ ਜੁਰਮਾਨਾ ਲਾਇਆ
ਪ੍ਰਦੂਸ਼ਣ ਦੀਆਂ ਚਿੰਤਾਵਾਂ ਵਧਣ ਦੇ ਨਾਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀਆਂ ਨੂੰ ਖੁੱਲ੍ਹੇ ਵਿੱਚ ਸਾੜਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਗੁਪਤਾ ਨੇ ਕਿਹਾ ਕਿ ਖੁੱਲ੍ਹੇ ਵਿੱਚ ਕੂੜਾ ਸਾੜਦੇ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ’ਤੇ 5 ਹਜ਼ਾਰ ਤੱਕ ਦਾ ਜੁਰਮਾਨਾ ਲੱਗੇਗਾ। ਸ਼ਹਿਰ ਦੇ ਸਾਰੇ ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਖਾਣ-ਪੀਣ ਵਾਲੀਆਂ ਥਾਵਾਂ ’ਤੇ ਤੰਦੂਰਾਂ ਵਿੱਚ ਕੋਲਾ ਅਤੇ ਲੱਕੜ ਦੀ ਵਰਤੋਂ ‘ਤੇ ਵੀ ਸਖ਼ਤ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਨਾਗਰਿਕਾਂ ਨੂੰ ਕੂੜਾ ਨਾ ਸਾੜਨ ਦੀ ਅਪੀਲ ਕੀਤੀ ਜਾਂਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਸੀ।

