ਦਿੱਲੀ ਦੀ ਹਵਾ ’ਚ ਸੁਧਾਰ ਪਰ ਖ਼ਤਰਾ ਬਰਕਰਾਰ
ਔਸਤ ਹਵਾ ਗੁਣਵੱਤਾ ਸੂਚਕਅੰਕ 281 ਦਰਜ; ਗਰੈਪ-2 ਤਹਿਤ ਛਿੜਕਿਆ ਜਾ ਰਿਹੈ ਪਾਣੀ
ਦਿੱਲੀ ਵਿੱਚ ਪ੍ਰਦੂਸ਼ਣ ’ਚ ਅੱਜ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਹੈ ਪਰ ਹਵਾ ਦੀ ਗੁਣਵੱਤਾ ਅਜੇ ਵੀ ਸਿਹਤ ਲਈ ਹਾਨੀਕਾਰਕ ‘ਖਰਾਬ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਔਸਤ ਹਵਾ ਗੁਣਵੱਤਾ ਸੂਚਕ ਅੰਕ 281 ਦਰਜ ਕੀਤਾ ਗਿਆ। ਹਵਾ ਵਿੱਚ ਖਤਰਨਾਕ ਬਾਰੀਕ ਕਣ ਪੀ.ਐੱਮ. 2.5 ਦਾ ਪੱਧਰ 70 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ ਪੀ.ਐੱਮ. 10 ਦਾ ਪੱਧਰ 92 ਦਰਜ ਕੀਤਾ ਗਿਆ, ਜੋ ਦੋਵੇਂ ਸੁਰੱਖਿਅਤ ਸੀਮਾਵਾਂ ਤੋਂ ਕਿਤੇ ਵੱਧ ਹਨ। ਭਾਰਤ ਮੌਸਮ ਵਿਭਾਗ ਅਨੁਸਾਰ ਸ਼ਾਂਤ ਹਵਾਵਾਂ ਚੱਲਣ ਕਾਰਨ ਪ੍ਰਦੂਸ਼ਕ ਵਾਤਾਵਰਣ ਵਿੱਚੋਂ ਖਿੰਡ ਨਹੀਂ ਪਾ ਰਹੇ, ਜਿਸ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ, ਦਿੱਲੀ ਦਾ ਔਸਤ ਏ ਆਈ ਬੁੱਧਵਾਰ ਨੂੰ 281 (ਖਰਾਬ) ਸੀ, ਜੋ ਮੰਗਲਵਾਰ (309) ਅਤੇ ਸੋਮਵਾਰ (316) ਦੇ ਮੁਕਾਬਲੇ ਘੱਟ ਸੀ। ਵੱਖ-ਵੱਖ ਇਲਾਕਿਆਂ ਵਿੱਚ ਸਥਿਤੀ ਵੱਖਰੀ ਰਹੀ। ਲੋਧੀ ਰੋਡ ’ਤੇ ਏ ਕਿਊ ਆਈ 145 (ਦਰਮਿਆਨਾ) ਦਰਜ ਕੀਤਾ ਗਿਆ, ਜਦੋਂ ਕਿ ਆਈ ਟੀ ਓ (276), ਆਨੰਦ ਵਿਹਾਰ (280) ਅਤੇ ਪੰਜਾਬੀ ਬਾਗ (224) ‘ਖਰਾਬ’ ਸ਼੍ਰੇਣੀ ਵਿੱਚ ਰਹੇ। ਗੁਰੂਗ੍ਰਾਮ ਵਿੱਚ ਏ ਕਿਊ ਆਈ 300 ਨੂੰ ਛੂਹ ਗਿਆ। ਪ੍ਰਸ਼ਾਸਨ ਵੱਲੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦੇ ਦੂਜੇ ਪੜਾਅ ਤਹਿਤ ਧੂੜ ਨੂੰ ਕੰਟਰੋਲ ਕਰਨ ਲਈ ਪਾਣੀ ਦੇ ਛਿੜਕਾਅ ਅਤੇ ਐਂਟੀ-ਸਮੋਗ ਗੰਨਾਂ ਦੀ ਵਰਤੋਂ ਜਾਰੀ ਹੈ। ਡਾਕਟਰਾਂ ਨੇ ਲੋਕਾਂ ਨੂੰ, ਖਾਸ ਕਰਕੇ ਸਵੇਰ ਅਤੇ ਸ਼ਾਮ ਵੇਲੇ, ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਸਲਾਹ ਦਿੱਤੀ ਹੈ।
ਪ੍ਰਦੂਸ਼ਣ ਫੈਲਾਉਣ ਵਾਲੇ 20 ਹਜ਼ਾਰ ਵਾਹਨਾਂ ਦੇ ਚਲਾਨ
ਨਵੀਂ ਦਿੱਲੀ: ਦਿੱਲੀ ਵਿੱਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ 19 ਅਕਤੂਬਰ 2025 ਤੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗਰੈਪ)-2 ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਹੁਣ ਤੱਕ 20,000 ਤੋਂ ਵੱਧ ਚਲਾਨ ਕੀਤੇ ਜਾ ਚੁੱਕੇ ਹਨ। ਵਧੀਕ ਪੁਲੀਸ ਕਮਿਸ਼ਨਰ ਸੱਤਿਆ ਵੀਰ ਕਟਾਰਾ ਨੇ ਕਿਹਾ, ‘ਦਿੱਲੀ ਵਿੱਚ ਗਰੈਪ-2 ਲਾਗੂ ਹੈ, ਜਿਸ ਤਹਿਤ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਹੁਣ ਤੱਕ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਾ ਹੋਣ ’ਤੇ 10,000 ਰੁਪਏ ਜੁਰਮਾਨੇ ਦੇ ਨਾਲ 20,000 ਤੋਂ ਵੱਧ ਚਲਾਨ ਕੀਤੇ ਗਏ ਹਨ।’ ਉਨ੍ਹਾਂ ਅੱਗੇ ਕਿਹਾ ਕਿ ਬੀਐੱਸ-3 ਮਿਆਰ ਤੋਂ ਹੇਠਾਂ ਵਾਲੇ ਡੀਜ਼ਲ ਅਤੇ ਪੈਟਰੋਲ ’ਤੇ ਚੱਲਣ ਵਾਲੇ ਵਪਾਰਕ ਵਾਹਨ, ਜੋ ਦਿੱਲੀ ਵਿੱਚ ਰਜਿਸਟਰਡ ਨਹੀਂ ਹਨ, ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। -ਏਐੱਨਆਈ

