ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ਤੋਂ ਪਹਿਲਾਂ ਗੰਧਲੀ ਹੋਈ ਦਿੱਲੀ ਦੀ ਹਵਾ

ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’; ਆਨੰਦ ਵਿਹਾਰ ਵਿੱਚ ਏ ਕਿਊ ਆਈ 384 ਦਰਜ
ਯਮੁਨਾ ਵਿੱਚ ਧੁਆਂਖੀ ਧੁੰਦ ਦੌਰਾਨ ਮੱਛੀਆਂ ਫੜਦੇ ਹੋਏ ਮਛੇਰੇ। -ਫੋਟੋ: ਪੀਟੀਆਈ
Advertisement

ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਅਤੇ ਸਥਾਨਕ ਪ੍ਰਦੂਸ਼ਣ ਕਾਰਨ ਦੀਵਾਲੀ ਤੋਂ ਪਹਿਲਾਂ ਹੀ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਨੂੰ ਇੱਕ ਹੋਰ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਮ ਹੁੰਦਿਆਂ ਹੀ ਦਿੱਲੀ-ਐੱਨ ਸੀ ਆਰ ਧੁੰਦ ਦੀ ਸੰਘਣੀ ਚਾਦਰ ਫੈਲ ਜਾਂਦੀ ਹੈ ਅਤੇ ਦੇਖਣ ਦੀ ਸਮਰੱਥਾ ਵੀ ਕਾਫ਼ੀ ਘਟ ਜਾਂਦੀ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 384 ’ਤੇ ਪਹੁੰਚ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਦਾ ਸਭ ਤੋਂ ਉੱਚਾ ਪੱਧਰ ਹੈ। ਇਸੇ ਤਰ੍ਹਾਂ ਬਵਾਨਾ ਵਿੱਚ ਏ ਕਿਊ ਆਈ 307 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਖੇਤਰਾਂ ਵਿੱਚ ਵੀ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ ਰਹੀ, ਜਿਨ੍ਹਾਂ ਵਿੱਚ ਨਰੇਲਾ (274), ਨਹਿਰੂ ਨਗਰ (282), ਮਥੁਰਾ ਰੋਡ (246), ਜਵਾਹਰ ਲਾਲ ਨਹਿਰੂ ਸਟੇਡੀਅਮ (252) ਅਤੇ ਓਖਲਾ (228) ਸ਼ਾਮਲ ਹਨ। ਹਾਲਾਂਕਿ, ਲੋਧੀ ਰੋਡ (230) ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (200) ’ਤੇ ਸਥਿਤੀ ਮੁਕਾਬਲਤਨ ਕੁਝ ਬਿਹਤਰ ਰਹੀ। ਹਵਾ ਗੁਣਵੱਤਾ ਪ੍ਰਬੰਧਨ ਲਈ ਬਣਾਈ ਗਈ ਫੈਸਲਾ ਸਹਾਇਤਾ ਪ੍ਰਣਾਲੀ ਦੇ ਅੰਕੜਿਆਂ ਅਨੁਸਾਰ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਗੱਡੀਆਂ ਦਾ ਧੂੰਆਂ ਹੈ, ਜੋ ਸ਼ੁੱਕਰਵਾਰ ਨੂੰ ਕੁੱਲ ਪ੍ਰਦੂਸ਼ਣ ਦਾ ਲਗਭਗ 17.9 ਫੀਸਦ ਰਿਹਾ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਸਮੇਤ ਕਈ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ ਅਤੇ ਦਿੱਲੀ ਦੇਸ਼ ਦੇ ਚੋਟੀ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਡਾਕਟਰਾਂ ਨੇ ਕਿਹਾ ਕਿ ਇਹ ਸਥਿਤੀ ਸਾਹ ਦੀ ਪੁਰਾਣੀ ਬਿਮਾਰੀ, ਦਮਾ ਜਾਂ ਟੀ.ਬੀ. ਵਰਗੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਸਾਹ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਉਂਦੀ ਹੈ, ਜਿਸ ਨਾਲ ਖੰਘ, ਬੁਖਾਰ, ਸਾਹ ਚੜ੍ਹਨਾ ਅਤੇ ਛਾਤੀ ਵਿੱਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਗਾਜ਼ੀਆਬਾਦ ਦੇ ਫੇਫੜਿਆਂ ਦੇ ਮਾਹਿਰ ਡਾ. ਸ਼ਰਦ ਜੋਸ਼ੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਦੀਵਾਲੀ ਦੌਰਾਨ ‘ਗ੍ਰੀਨ ਪਟਾਕੇ’ ਘੱਟ ਪ੍ਰਦੂਸ਼ਣ ਕਰਦੇ ਹਨ, ਪਰ ਉਹ ਪੂਰੀ ਤਰ੍ਹਾਂ ਨੁਕਸਾਨ ਰਹਿਤ ਨਹੀਂ ਹਨ। ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Advertisement

ਮੌਸਮ ਵਿਭਾਗ ਅਨੁਸਾਰ ਠੰਢ ਵਧਣ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੋਰ ਵਧ ਸਕਦੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਘੱਟ ਹੈ। ਤਾਪਮਾਨ ਵਿੱਚ ਗਿਰਾਵਟ ਅਤੇ ਹਵਾ ਵਿੱਚ ਨਮੀ ਵਧਣ ਕਾਰਨ ਪ੍ਰਦੂਸ਼ਕ ਤੱਤ ਧਰਤੀ ਦੇ ਨੇੜੇ ਹੀ ਜੰਮ ਜਾਂਦੇ ਹਨ ਅਤੇ ਹਵਾ ਦੀ ਗੁਣਵੱਤਾ ਹੋਰ ਵਿਗੜ ਜਾਂਦੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪ੍ਰਦੂਸ਼ਣ ਤੋਂ ਤੁਰੰਤ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।

Advertisement
Show comments