ਦਿੱਲੀ: ਯਮੁਨਾ ਦਾ ਪਾਣੀ ਚੇਤਾਵਨੀ ਦੇ ਨਿਸ਼ਾਨ ਤੋਂ ਪਾਰ
ਵੀਰਵਾਰ ਨੂੰ ਦਿੱਲੀ ’ਚ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ 204.88 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 204.50 ਮੀਟਰ ਦੇ ਚੇਤਾਵਨੀ ਪੱਧਰ ਨੂੰ ਪਾਰ ਕਰ ਗਿਆ। ਅਧਿਕਾਰੀਆਂ ਅਨੁਸਾਰ, ਸੰਭਾਵਿਤ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ ਦੇ ਉਪਾਅ ਕਰਨ ਲਈ ਸਾਰੀਆਂ ਸਬੰਧਤ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦਾ ਪਾਣੀ 204.88 ਮੀਟਰ ’ਤੇ ਸੀ।
ਸ਼ਹਿਰ ਲਈ ਚੇਤਾਵਨੀ ਦਾ ਨਿਸ਼ਾਨ 204.5 ਮੀਟਰ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 205.3 ਮੀਟਰ ਹੈ ਅਤੇ 206 ਮੀਟਰ ’ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਪੁਰਾਣਾ ਰੇਲਵੇ ਪੁਲ ਨਦੀ ਦੇ ਵਹਾਅ ਅਤੇ ਸੰਭਾਵਿਤ ਹੜ੍ਹਾਂ ਦੇ ਖ਼ਤਰਿਆਂ ਨੂੰ ਟਰੈਕ ਕਰਨ ਲਈ ਇੱਕ ਮੁੱਖ ਨਿਗਰਾਨੀ ਬਿੰਦੂ ਵਜੋਂ ਕੰਮ ਕਰਦਾ ਹੈ।
ਕੇਂਦਰੀ ਹੜ੍ਹ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਕਿਹਾ, “ਪਾਣੀ ਦੇ ਪੱਧਰ ਵਿੱਚ ਵਾਧਾ ਜ਼ਿਆਦਾਤਰ ਹਥਨੀਕੁੰਡ ਬੈਰਾਜ ਤੋਂ ਹਰ ਘੰਟੇ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਹੋਇਆ ਹੈ।”
ਇਸ ਮਾਨਸੂਨ ਸੀਜ਼ਨ ਵਿੱਚ ਪਹਿਲੀ ਵਾਰ ਹਰਿਆਣਾ ਵਿੱਚ ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡਣ ਦੀ ਮਾਤਰਾ 50,000 ਕਿਊਸਿਕ ਨੂੰ ਪਾਰ ਕਰ ਗਈ, ਜੋ ਸਵੇਰੇ 6 ਵਜੇ ਦੇ ਕਰੀਬ 61,000 ਕਿਊਸਿਕ ’ਤੇ ਪਹੁੰਚ ਗਈ। ਅਧਿਕਾਰੀ ਨੇ ਕਿਹਾ, "ਉਦੋਂ ਤੋਂ, ਹਥਨੀਕੁੰਡ ਬੈਰਾਜ ਤੋਂ ਹਰ ਘੰਟੇ 50,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।" ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ ’ਤੇ 48 ਤੋਂ 50 ਘੰਟੇ ਲੱਗਦੇ ਹਨ। -ਪੀਟੀਆਈ