ਦਿੱਲੀ ’ਵਰਸਿਟੀ ਪੰਜਾਬੀ ਵਿਭਾਗ ਦੇ ਨਵੇਂ ਸੈਸ਼ਨ ਦਾ ਆਗਾਜ਼
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਇੱਥੋਂ ਦੇ ਸੈਮੀਨਾਰ ਹਾਲ ਵਿੱਚ ਕੀਤੀ ਗਈ। ਇਸ ਮੌਕੇ ਪ੍ਰਸਿੱਧ ਫਿਲਮੀ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਪੁੱਜੇ। ‘ਮੈਂ ਤੁਸੀਂ ਤੇ ਕਲਾਕਾਰੀਆਂ’ ਸਿਰਲੇਖ ਤਹਿਤ ਉਲੀਕੇ ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਡਾਇਰੈਕਟਰ ਅਤੇ ਲੇਖਕ ਕੇਸਰਾ ਰਾਮ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿੱਚ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਜਨੀ ਬਾਲਾ ਨੇ ਰਾਣਾ ਰਣਬੀਰ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਸਾਹਿਤਕ ਅਤੇ ਫਿਲਮੀ ਸਫ਼ਰ ’ਤੇ ਚਾਨਣਾ ਪਾਇਆ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਦੀ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਭਾਸ਼ਾ, ਸਾਹਿਤ ਅਤੇ ਮੀਡੀਆ ਦੇ ਖੇਤਰ ਵਿੱਚ ਵਿਲੱਖਣ ਪਛਾਣ ਰੱਖਣ ਵਾਲੀਆਂ ਹਸਤੀਆਂ ਨਾਲ ਮਿਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵੀ ਇਸੇ ਲੜੀ ਅਧੀਨ ਵਿਉਂਤਿਆ ਗਿਆ ਹੈ। ਇਸ ਮੌਕੇ ਕੇਸਰਾ ਰਾਮ ਨੇ ਕਿਹਾ ਕਿ ਰਾਣਾ ਰਣਬੀਰ ਸਾਹਿਤ, ਸਿਨੇਮਾ ਅਤੇ ਸਮਾਜ ਵਿਚਾਲੇ ਪੁੱਲ ਉਸਾਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਰਾਣਾ ਰਣਬੀਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਪਰੰਤ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਬਲਜਿੰਦਰ ਨਸਰਾਲੀ ਨੇ ਵੀ ਰਾਣਾ ਰਣਬੀਰ ਦੀ ਸ਼ਖ਼ਸੀਅਤ ਤੇ ਕਲਾ ਸਫ਼ਰ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਵੱਡੀ ਗਿਣਤੀ ਵਿੱਚ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਜਦੋਂ ਮੈਂ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ: ਰਾਣਾ ਰਣਬੀਰ
ਰਾਣਾ ਰਣਬੀਰ ਨੇ ‘ਮੈਂ’ ਤੇ ‘ਤੁਸੀਂ’ ਦੇ ਅਰਥਾਂ ਨੂੰ ਆਪਣੇ ਨਿੱਜੀ ਜੀਵਨ ਦੇ ਤਜ਼ਰਬਿਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਛੋਟੇ ਕੱਦ ਦੇ ਹੋਣ ਕਾਰਨ ਬਚਪਨ ਵਿਚ ਉਨ੍ਹਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਨਕਾਰਾਤਮਕ ਸੋਚ ਉਨ੍ਹਾਂ ’ਤੇ ਇਸ ਕਦਰ ਹਾਵੀ ਸੀ ਕਿ ਉਨ੍ਹਾਂ ਨੂੰ ਆਪਣਾ ਜੀਵਨ ਬੇਕਾਰ ਲੱਗਦਾ ਸੀ। ਇਹ ਉਹ ਦੌਰ ਸੀ ਜਦੋਂ ਉਨ੍ਹਾਂ ਕਈ ਵਾਰ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਵੀ ਸੋਚਿਆ। ਵਿਦਿਅਕ ਅਦਾਰਿਆਂ ਵਿੱਚ ਸਭਿੱਆਚਾਰਕ ਤੇ ਸਾਹਿਤਕ ਸਰਗਰਮੀਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਕਾਲਜ ਦੇ ਇੱਕ ਰੂਬਰੂ ਸਮਾਰੋਹ ਵਿੱਚ ਪੜ੍ਹੀ ਇੱਕ ਨਜ਼ਮ ਤੋਂ ਉਨ੍ਹਾਂ ਦੀ ਸਾਹਿਤ ਸਿਰਜਣਾ ਦਾ ਮੁੱਢ ਬੱਝਿਆ। ਆਪਣੇ ਯੂਨੀਵਰਸਿਟੀ ਦਿਨਾਂ ਬਾਰੇ ਬੋਲਦਿਆਂ ਰਾਣਾ ਰਣਬੀਰ ਨੇ ਦੱਸਿਆ ਕਿ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਕੁਝ ਅਜਿਹੇ ਦੋਸਤ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਚੰਗੇ ਅਤੇ ਮਾੜੇ ਸਾਹਿਤ ਵਿਚਲਾ ਫ਼ਰਕ ਸਮਝਾਇਆ। ਇੱਥੇ ਹੀ ਉਨ੍ਹਾਂ ਨੂੰ ‘ਤੁਸੀਂ’ ਦੀ ਮਹੱਤਤਾ ਦਾ ਪਤਾ ਚੱਲਿਆ। ਬਾਅਦ ਵਿੱਚ ‘ਮੈਂ’ ਤੇ ‘ਤੁਸੀਂ’ ਦੇ ਸੁਮੇਲ ਵਿਚੋਂ ਹੀ ਰਾਣਾ ਰਣਬੀਰ ਨਾਂ ਦਾ ਉਹ ਕਲਾਕਾਰ ਬਣ ਸਕਿਆ ਜਿਸ ਨੂੰ ਅੱਜ ਲੋਕ ਦੇਸ਼-ਵਿਦੇਸ਼ ਵਿੱਚ ਜਾਣਦੇ ਹਨ। ਰੂਬਰੂ ਉਪਰੰਤ ਵਿਦਿਆਰਥੀਆਂ ਵੱਲੋਂ ਪੁੱਛੇ ਸੁਆਲਾਂ ਦਾ ਜਵਾਬ ਦਿੰਦਿਆਂ ਰਾਣਾ ਰਣਬੀਰ ਨੇ ਕਿਹਾ ਕਿ ਮਾੜਾ ਸੰਗੀਤ ਅਤੇ ਫਿਲਮਾਂ ਇਸ ਕਰਕੇ ਵੱਧ ਚੱਲਦੀਆਂ ਹਨ ਕਿਉਂਕਿ ਮਾੜੇ ਦੀ ਚਰਚਾ ਚੰਗੇ ਤੋਂ ਕਿਤੇ ਵੱਧ ਹੁੰਦੀ ਹੈ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਚਰਚਾ ਹੀ ਕਿਸੇ ਰਚਨਾ ਦੀ ਮਕਬੂਲੀਅਤ ਨੂੰ ਤੈਅ ਕਰਦੀ ਹੈ।