ਨਵਾਂ ਸੈਸ਼ਨ ਸ਼ੁਰੂ ਹੋਣ ਨਾਲ ਦਿੱਲੀ ’ਵਰਸਿਟੀ ’ਚ ਰੌਣਕਾਂ
ਦਿੱਲੀ ਯੂਨੀਵਰਸਿਟੀ ਵਿੱਚ ਅੱਜ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਵੱਖ-ਵੱਖ ਕਾਲਜਾਂ ਅਤੇ ਵਿਭਾਗਾਂ ਵਿੱਚ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਵੇਰ ਤੋਂ ਹੀ ਯੂਨੀਵਰਸਿਟੀ ਦੇ ਉੱਤਰੀ ਅਤੇ ਦੱਖਣੀ ਕੈਂਪਸ ਵਿੱਚ ਵਿਦਿਆਰਥੀਆਂ ਵਿੱਚ ਰੌਣਕ ਦੇਖਣ ਨੂੰ ਮਿਲੀ।
ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮਾਂ ਦੇ ਪ੍ਰਬੰਧ ਕੀਤੇ ਗਏ। ਦਿੱਲੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਮਾਤਾ ਸੁੰਦਰੀ ਕਾਲਜ ਫ਼ਾਰ ਵੂਮੈਨ, ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਅਤੇ ਗੁਰੂ ਨਾਨਕ ਦੇਵ ਕਾਲਜ, ਦੇਵ ਨਗਰ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਏ ਗਏ। ਵਿਦਿਆਰਥੀਆਂ ਨੂੰ ਕਾਲਜਾਂ ਦੇ ਪਾਠਕ੍ਰਮ, ਸਹੂਲਤਾਂ ਅਤੇ ਐਂਟੀ ਰੈਗਿੰਗ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਪ੍ਰਣਾਲੀ, ਕਲੱਬ-ਕਮੇਟੀਆਂ ਅਤੇ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯੂਨੀਵਰਸਿਟੀ ’ਚ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਨੇ ਵੀ ਨਵੇਂ ਸਾਥੀਆਂ ਦਾ ਸਵਾਗਤ ਕੀਤਾ। ਨਵੇਂ ਵਿਦਿਆਰਥੀਆਂ ਨੂੰ ਕੈਂਪਸ ਦੇ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ। ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੁਰੱਖਿਆ, ਆਵਾਜਾਈ ਅਤੇ ਹੈਲਪ ਡੈਸਕ ਵਰਗੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ। ਕਈ ਕਾਲਜਾਂ ਨੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਹੈਲਪਲਾਈਨ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਇਸ ਲਈ ਕੀਤਾ ਗਿਆ ਤਾਂ ਜੋ ਨਵਾਂ ਸੈਸ਼ਨ ਸੁਹਿਰਦ ਮਾਹੌਲ ਵਿੱਚ ਸ਼ੁਰੂ ਹੋ ਸਕੇ।