ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਲਕਸ਼ਮੀ ਬਾਈ ਕਾਲਜ ਦੇ ਬਾਹਰ ਐਤਵਾਰ ਨੂੰ 20 ਸਾਲਾ ਦੂਜੇ ਸਾਲ ਦੀ ਕਾਲਜ ਵਿਦਿਆਰਥਣ 'ਤੇ ਹਮਲਾ ਹੋਇਆ ਸੀ।
ਲਕਸ਼ਮੀ ਬਾਈ ਕਾਲਜ ਦੇ ਪ੍ਰੋਕਟਰ, ਡਾ. ਮਨਰਾਜ ਗੁਰਜਰ ਨੇ ਦੱਸਿਆ ਕਿ ਤੇਜ਼ਾਬ ਹਮਲੇ ਦੀ ਘਟਨਾ ਕਾਲਜ ਕੈਂਪਸ ਦੇ ਬਾਹਰ ਵਾਪਰੀ ਅਤੇ ਪੀੜਤ ਵਿਦਿਆਰਥਣ ਐੱਨ ਸੀ ਡਬਲਯੂ ਈ ਬੀ (NCWEB) ਦੀ ਵਿਦਿਆਰਥਣ ਸੀ, ਨਾ ਕਿ ਰੈਗੂਲਰ ਵਿਦਿਆਰਥਣ।
ਉਨ੍ਹਾਂ ਕਿਹਾ, "ਉਹ ਐੱਨ ਸੀ ਡਬਲਯੂ ਈ ਬੀ ਦੀ ਵਿਦਿਆਰਥਣ ਹੈ, ਨਾ ਕਿ ਰੈਗੂਲਰ ਕਾਲਜ ਵਿਦਿਆਰਥਣ... ਇਹ ਘਟਨਾ ਕਾਲਜ ਕੈਂਪਸ ਦੇ ਬਾਹਰ, ਮੁੱਖ ਸੜਕ ’ਤੇ ਵਾਪਰੀ... ਘਟਨਾ ਵਾਲੀ ਥਾਂ ਤੋਂ 50 ਮੀਟਰ ਦੇ ਦਾਇਰੇ ਵਿੱਚ ਇੱਕ ਪੀ.ਸੀ.ਆਰ. ਵੈਨ ਹਮੇਸ਼ਾ ਮੌਜੂਦ ਹੁੰਦੀ ਹੈ, ਜਿਸ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਵੀ ਹੁੰਦੀ ਹੈ।’’
ਮੁੱਖ ਦੋਸ਼ੀ ਦੀ ਪਛਾਣ ਮੁਕੰਦਪੁਰ ਨਿਵਾਸੀ ਜਤਿੰਦਰ ਵਜੋਂ ਹੋਈ ਹੈ। ਉਸ ਨਾਲ ਈਸ਼ਾਨ ਅਤੇ ਅਰਮਾਨ ਵੀ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਜਤਿੰਦਰ ਉਸ ਦਾ ਪਿੱਛਾ ਕਰਦਾ ਸੀ ਅਤੇ ਲਗਪਗ ਇੱਕ ਮਹੀਨਾ ਪਹਿਲਾਂ ਪੀੜਤ ਅਤੇ ਦੋਸ਼ੀ ਵਿਚਕਾਰ ਬਹਿਸ ਵੀ ਹੋਈ ਸੀ।
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਆਰੀਅਨ ਮਾਨ ਨੇ ਕਿਹਾ ਕਿ ਜਤਿੰਦਰ, ਜੋ ਵਿਆਹਿਆ ਹੋਇਆ ਹੈ ਅਤੇ ਉਸਦਾ ਇੱਕ ਬੱਚਾ ਵੀ ਹੈ, ਲਗਪਗ ਡੇਢ ਸਾਲ ਤੋਂ ਲੜਕੀ ਦਾ ਪਿੱਛਾ ਕਰ ਰਿਹਾ ਸੀ, ਅਤੇ ਉਸ ਨੇ ਵਾਰ-ਵਾਰ ਉਸ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ। ਵਿਰੋਧ ਦੇ ਬਾਵਜੂਦ ਉਸ ਦਾ ਦੁਰਵਿਹਾਰ ਜਾਰੀ ਰਿਹਾ।
ਇਸ ਦੌਰਾਨ ਦਿੱਲੀ ਪੁਲੀਸ ਨੇ ਪੁਸ਼ਟੀ ਕੀਤੀ ਕਿ ਐਤਵਾਰ ਨੂੰ ਤਿੰਨ ਵਿਅਕਤੀਆਂ ਨੇ ਵਿਦਿਆਰਥਣ ’ਤੇ ਤੇਜ਼ਾਬ ਨਾਲ ਹਮਲਾ ਕੀਤਾ। ਪੀੜਤ ਦੂਜੇ ਸਾਲ ਦੀ (ਨਾਨ-ਕਾਲਜ) ਵਿਦਿਆਰਥਣ ਸੀ ਅਤੇ ਆਪਣੀ ਕਲਾਸ ਲਈ ਅਸ਼ੋਕ ਵਿਹਾਰ ਦੇ ਲਕਸ਼ਮੀ ਬਾਈ ਕਾਲਜ ਗਈ ਸੀ, ਜਦੋਂ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਉਸ ਦੇ ਨੇੜੇ ਆਏ ਅਤੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਉਸ ਨੂੰ ਤੇਜ਼ਾਬ ਨਾਲ ਝੁਲਸਣ ਦੀਆਂ ਸੱਟਾਂ ਲੱਗੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ, ‘‘ਕ੍ਰਾਈਮ ਟੀਮ ਅਤੇ ਐੱਫ ਐੱਸ ਐੱਲ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਉਸ ਦੇ ਬਿਆਨ ਅਤੇ ਸੱਟਾਂ ਦੀ ਪ੍ਰਕਿਰਤੀ ਦੇ ਆਧਾਰ ’ਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਇੱਕ ਕੇਸ ਦਰਜ ਕਰ ਲਿਆ ਗਿਆ ਹੈ, ਅਤੇ ਜਾਂਚ ਜਾਰੀ ਹੈ।’’
ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ। -ਏਐੱਨਆਈ

