ਦਿੱਲੀ: ਵਿਦੇਸ਼ ਬੈਠੇ ਗੈਂਗਸਟਰਾਂ ਦੇ ਦੋੋ ਗੁਰਗੇ ਮੁਕਾਬਲੇ ਦੌਰਾਨ ਕਾਬੂ
ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਆਕਾਸ਼ ਰਾਜਪੂਤ ਤੇ ਮਹੀਪਾਲ ਵਜੋਂ ਹੋਈ
Advertisement
ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਕਾਪਾਸ਼ੇਰਾ ਇਲਾਕੇ ਵਿਚ ਹੋਏ ਮੁਕਾਬਲੇ ਦੌਰਾਨ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਵੱਖ ਵੱਖ ਅਪਰਾਧਾਂ ਵਿਚ ਪੁਲੀਸ ਨੂੰ ਲੋੜੀਂਦੇ ਸਨ। ਮੁਲਜ਼ਮਾਂ ਦੀ ਪਛਾਣ ਆਕਾਸ਼ ਰਾਜਪੂਤ ਤੇ ਮਹੀਪਾਲ ਵਜੋਂ ਹੋਈ ਹੈ ਤੇ ਦੋਵੇੇਂ ਰਾਜਸਥਾਨ ਦੇ ਵਸਨੀਕ ਹਨ। ਪੁਲੀਸ ਨੇ ਦੱਸਿਆ ਕਿ ਰਾਜਪੂਤ ਹਰਿਆਣਾ, ਗੁਜਰਾਤ ਅਤੇ ਰਾਜਸਥਾਨ ਵਿੱਚ ਕਈ ਜਬਰਨ ਵਸੂਲੀ ਅਤੇ ਅਗਵਾ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਰਾਜਸਥਾਨ ਪੁਲੀਸ ਨੇ ਉਸ ਦੇ ਸਿਰ ’ਤੇ 20,000 ਰੁਪਏ ਦਾ ਇਨਾਮ ਐਲਾਨਿਆ ਸੀ।
ਅਧਿਕਾਰੀ ਨੇ ਕਿਹਾ, ‘‘ਰਾਜਪੂਤ ਜੁਲਾਈ 2022 ਵਿੱਚ ਕਰਨਾਲ ਦੇ ਅਸੰਧ ਵਿੱਚ ਇੱਕ ਹਸਪਤਾਲ ਦੇ ਬਾਹਰ ਗੋਲੀਬਾਰੀ ਵਿੱਚ ਸ਼ਾਮਲ ਸੀ, ਜੋ ਗੈਂਗਸਟਰ ਦਲੇਰ ਕੋਟੀਆ ਦੇ ਕਹਿਣ ’ਤੇ ਕੀਤੀ ਗਈ ਸੀ। ਉਹ ਜੁਲਾਈ 2025 ਵਿੱਚ ਗੁਜਰਾਤ ਵਿੱਚ ਇੱਕ ਅਗਵਾ ਕੇਸ ਵਿੱਚ ਵੀ ਲੋੜੀਂਦਾ ਸੀ ਜਿਸ ਵਿੱਚ ਗੈਂਗਸਟਰ ਕਿਰੀਟ ਸਿੰਘ ਝਾਲਾ ਨੇ 100 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।’’
Advertisement
ਪੁਲੀਸ ਨੇ ਦੱਸਿਆ ਕਿ ਝਾਲਾ ਹਾਲ ਹੀ ਵਿੱਚ ਰੋਹਿਤ ਗੋਦਾਰਾ, ਗੋਲਡੀ ਬਰਾੜ ਅਤੇ ਵੀਰੇਂਦਰ ਚਰਨ ਦੇ ਸਿੰਡੀਕੇਟ ਵਿੱਚ ਸ਼ਾਮਲ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਮਹੀਪਾਲ, ਜਿਸ ਨੂੰ ਪਹਿਲਾਂ ਕਰਨਾਲ ਗੋਲੀਬਾਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ, ਵੀ ਉਸੇ ਨੈੱਟਵਰਕ ਵਿਚ ਸਰਗਰਮ ਹੋ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਮੁਕਾਬਲੇ ਦੌਰਾਨ, ਰਾਜਪੂਤ ਨੂੰ ਕਾਬੂ ਕਰਨ ਤੋਂ ਪਹਿਲਾਂ ਸਰੀਰ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ। ਉਸ ਨੂੰ ਡਾਕਟਰੀ ਸਹਾਇਤਾ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਅਤੇ ਹੋਰ ਜਾਂਚ ਜਾਰੀ ਹੈ।’’
Advertisement