ਦਿੱਲੀ: 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ
ਕੌਮੀ ਰਾਜਧਾਨੀ ਦੇ 100 ਤੋਂ ਵੱਧ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ‘ਅਫ਼ਵਾਹ’ ਕਰਾਰ ਦਿੱਤਾ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਧਮਕੀ ਅੱਜ ਸਵੇਰੇ 6:10 ਵਜੇ ਆਈ ਈ-ਮੇਲ ਰਾਹੀਂ ਮਿਲੀ। ਈ-ਮੇਲ ‘ਟੈਰੋਰਾਈਜ਼ਰਜ਼111’ ਨਾਂ ਦੇ ਇੱਕ ਗਰੁੱਪ ਵੱਲੋਂ ਭੇਜੀ ਗਈ ਸੀ, ਜਿਸ ਨੇ ਪਹਿਲਾਂ ਵੀ ਅਜਿਹੀਆਂ ਈ-ਮੇਲਾਂ ਭੇਜੀਆਂ ਹਨ। ਈ-ਮੇਲ ਵਿੱਚ ਲਿਖਿਆ ਸੀ, ‘ਤੁਹਾਡੀ ਇਮਾਰਤ ਵਿੱਚ ਬੰਬ ਰੱਖੇ ਗਏ ਹਨ, ਪ੍ਰਤੀਕਿਰਿਆ ਕਰੋ ਜਾਂ ਤਬਾਹੀ ਦਾ ਸਾਹਮਣਾ ਕਰੋ।’
ਦਿੱਲੀ ਫਾਇਰ ਸਰਵਿਸਿਜ਼ (ਡੀ ਐੱਫ ਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 10 ਸਕੂਲਾਂ ਬਾਰੇ ਸੂਚਨਾ ਮਿਲੀ ਸੀ, ਜਿਨ੍ਹਾਂ ਵਿੱਚ ਦਵਾਰਕਾ ਦਾ ਦਿੱਲੀ ਪਬਲਿਕ ਸਕੂਲ (ਡੀ ਪੀ ਐੱਸ), ਕ੍ਰਿਸ਼ਨਾ ਮਾਡਲ ਪਬਲਿਕ ਸਕੂਲ, ਸਰਵੋਦਿਆ ਵਿਦਿਆਲਿਆ, ਦਵਾਰਕਾ ਦਾ ਸੀ ਆਰ ਪੀ ਐੱਫ ਪਬਲਿਕ ਸਕੂਲ ਅਤੇ ਨਜਫਗੜ੍ਹ ਦਾ ਮਾਤਾ ਵਿੱਦਿਆ ਦੇਵੀ ਪਬਲਿਕ ਸਕੂਲ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਬੰਬ ਨਕਾਰਾ ਦਸਤਿਆਂ ਅਤੇ ਪੁਲੀਸ ਦੀਆਂ ਟੀਮਾਂ ਨੂੰ ਸਕੂਲਾਂ ਵਿੱਚ ਭੇਜਿਆ ਗਿਆ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਸਕੂਲ ਕੈਂਪਸਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਅਸੀਂ ਕੈਂਪਸਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ। ਕੁਝ ਵੀ ਸ਼ੱਕੀ ਨਹੀਂ ਮਿਲਿਆ।’ ਪੁਲੀਸ ਨੇ ਦੱਸਿਆ ਕਿ ਅਧਿਕਾਰੀ ਹੁਣ ਧਮਕੀਆਂ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਧਮਕੀਆਂ ਮਿਲ ਚੁੱਕੀਆਂ ਹਨ।