ਦਿੱਲੀ: ਪੈਸਿਆਂ ਦੇ ਵਿਵਾਦ ਕਾਰਨ ਦਰਜ਼ੀ ਵੱਲੋਂ ਔਰਤ ਦਾ ਕਤਲ
ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦਿੱਲੀ ਦੇ ਡਾਬਰੀ ਇਲਾਕੇ ਵਿੱਚ ਇੱਕ ਔਰਤ ਦਾ ਗਲਾ ਘੁੱਟ ਕੇ ਕਥਿਤ ਤੌਰ 'ਤੇ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਨਾਲੀ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਇੱਕ 35 ਸਾਲਾ ਦਰਜ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮ੍ਰਿਤਕਾ ਦੀ ਮਾਂ ਨੇ 21 ਅਗਸਤ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ, ‘‘23 ਅਗਸਤ ਨੂੰ ਦੁਪਹਿਰ 2.54 ਵਜੇ ਡਾਬਰੀ ਪੁਲੀਸ ਸਟੇਸ਼ਨ ਵਿੱਚ ਇੱਕ ਲਾਸ਼ ਬਾਰੇ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ। ਮੁੱਢਲੀ ਜਾਂਚ ਦੌਰਾਨ ਲਾਸ਼ ਦੀ ਪਛਾਣ ਲਾਪਤਾ ਔਰਤ ਵਜੋਂ ਹੋਈ।’’
ਡੀਸੀਪੀ ਨੇ ਦੱਸਿਆ ਕਿ, ‘‘ਉਸ ਨੂੰ 21 ਅਗਸਤ ਨੂੰ ਦੋਸ਼ੀ ਨਾਲ ਇੱਕ ਇਮਾਰਤ ਵਿੱਚ ਦਾਖਲ ਹੁੰਦਿਆਂ ਦੇਖਿਆ ਗਿਆ, ਜਿਸ ਦੀ ਪਛਾਣ ਸਲੀਮ ਵਜੋਂ ਹੋਈ, ਜੋ ਮਹਾਵੀਰ ਐਨਕਲੇਵ ਦਾ ਰਹਿਣ ਵਾਲਾ ਹੈ ਅਤੇ ਮੂਲ ਰੂਪ ਵਿੱਚ ਹਰਦੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।’’
ਉਨ੍ਹਾਂ ਕਿਹਾ ਬਾਅਦ ਵਿੱਚ ਦੋਸ਼ੀ ਨੂੰ ਅਜਿਹੀ ਚੀਜ਼ ਲਿਜਾਂਦਿਆਂ ਦੇਖਿਆ ਗਿਆ ਜੋ ਇੱਕ ਲੁਕੋਈ ਹੋਈ ਲਾਸ਼ ਜਾਪਦੀ ਸੀ। ਪੁਲੀਸ ਅਨੁਸਾਰ ਸਲੀਮ ਅਤੇ ਪੀੜਤਾ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਨਿਯਮਤ ਸੰਪਰਕ ਵਿੱਚ ਸਨ। ਔਰਤ ਦਰਜ਼ੀ ਨੂੰ ਕਥਿਤ ਤੌਰ ਉਧਾਰ ਲਏ ਪੈਸੇ ਵਾਪਸ ਕਰਨ ਲਈ ਕਹਿ ਰਹੀ ਸੀ ।
ਅਧਿਕਾਰੀ ਨੇ ਦੱਸਿਆ, "ਗੁੱਸੇ ਵਿੱਚ ਆ ਕੇ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਲਾਸ਼ ਨੂੰ ਮੋਟਰਸਾਈਕਲ ’ਤੇ ਡਾਬਰੀ ਵਿੱਚ ਇੱਕ ਨਾਲੀ ਵਿੱਚ ਲਿਜਾ ਕੇ ਟਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਪ੍ਰਕਿਰਿਆ ਦੌਰਾਨ ਲਾਸ਼ ਤਿਲਕ ਗਈ, ਜਿਸ ਨਾਲ ਲੋਕਾਂ ਦਾ ਧਿਆਨ ਖਿੱਚਿਆ ਗਿਆ। ਸਲੀਮ ਮੌਕੇ ਤੋਂ ਫ਼ਰਾਰ ਹੋ ਗਿਆ।"
ਪੁਲੀਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।