ਦਿੱਲੀ ਵਿਧਾਨ ਸਭਾ ’ਚੋਂ ‘ਆਪ’ ਦੇ 21 ਵਿਧਾਇਕ ਮੁਅੱਤਲ
ਦਿੱਲੀ ਵਿਧਾਨ ਸਭਾ ’ਚ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਦੇ ਉਦਘਾਟਨੀ ਭਾਸ਼ਣ ’ਚ ਅੜਿੱਕਾ ਪਾਉਣ ’ਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਸਮੇਤ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਤਿੰਨ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਮੁਅੱਤਲੀ ਦਾ ਮਤਾ ਦਿੱਲੀ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਮੰਤਰੀ ਪ੍ਰਵੇਸ਼ ਵਰਮਾ ਨੇ ਪੇਸ਼ ਕੀਤਾ ਅਤੇ ਸਦਨ ’ਚ ਜ਼ੁਬਾਨੀ ਵੋਟਾਂ ਨਾਲ ਮਤਾ ਪਾਸ ਕਰ ਦਿੱਤਾ ਗਿਆ। ਮੁਅੱਤਲ ਵਿਧਾਇਕਾਂ ਨੂੰ 27 ਤੇ 28 ਫਰਵਰੀ ਨੂੰ ਵਿਧਾਨ ਸਭਾ ਦੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅੱਜ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਆਤਿਸ਼ੀ ਨੇ ‘ਆਪ’ ਦੇ ਹੋਰ ਵਿਧਾਇਕਾਂ ਨਾਲ ਮੁੱਖ ਮੰਤਰੀ ਦਫ਼ਤਰ ’ਚੋਂ ਬੀਆਰ ਅੰਬੇਡਕਰ ਦੀ ਤਸਵੀਰ ਕਥਿਤ ਤੌਰ ’ਤੇ ਹਟਾਉਣ ਦਾ ਵਿਰੋਧ ਕੀਤਾ। ‘ਆਪ’ ਵਿਧਾਇਕਾਂ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਹੰਗਾਮੇ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ, ‘ਜਦੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਤਾਂ ਸਾਨੂੰ ਉਮੀਦ ਸੀ ਕਿ ਸੱਤਾ ਧਿਰ ਤੇ ਵਿਰੋਧੀ ਧਿਰ ਵਿਕਾਸ ਲਈ ਮਿਲ ਕੇ ਕੰਮ ਕਰਨਗੀਆਂ ਕਿਉਂਕਿ ਅੱਜ ਦੀ ਚਰਚਾ ਬਹੁਤ ਮਹੱਤਵਪੂਰਨ ਸੀ।’ ਦਿੱਲੀ ਵਿਧਾਨ ਸਭਾ ’ਚ ‘ਆਪ’ ਦੇ 22 ਵਿਧਾਇਕ ਹਨ। ਓਖਲਾ ਸੀਟ ਤੋਂ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਛੱਡ ਕੇ ‘ਆਪ’ ਦੇ ਬਾਕੀ ਸਾਰੇ ਵਿਧਾਇਕ ਮੁਅੱਤਲ ਕਰ ਦਿੱਤੇ ਗਏ ਹਨ। ਖਾਨ ਸਦਨ ’ਚ ਹਾਜ਼ਰ ਨਹੀਂ ਸਨ।
ਮੁਅੱਤਲੀ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਮੁਜ਼ਾਹਰਾ ਕੀਤਾ। ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਮੁੱਖ ਮੰਤਰੀ ਦਫ਼ਤਰ ’ਚੋਂ ਬੀ.ਆਰ. ਅੰਬੇਡਕਰ ਦੀ ਤਸਵੀਰ ਹਟਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਪ੍ਰੈੱਸ ਵਾਰਤਾ ’ਚ ਕਿਹਾ, ‘ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਆਪਣਾ ਅਸਲੀ ਰੰਗ ਦਿਖਾਇਆ ਹੈ। ਕੀ ਉਹ ਮੰਨਦੀ ਹੈ ਕਿ (ਪ੍ਰਧਾਨ ਮੰਤਰੀ) ਮੋਦੀ ਬਾਬਾ ਸਾਹਿਬ ਦੀ ਥਾਂ ਲੈ ਸਕਦੇ ਹਨ?’ ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ‘ਆਪ’ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਅੰਬੇਡਕਰ, ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।