ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਨੂੰ

ਜਮਹੂਰੀ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਗੀਆਂ ਚੋਣਾਂ: ਕਾਲਕਾ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਜੂਨ

Advertisement

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਜੂਨ ਨੂੰ ਹੋਣਗੀਆਂ। ਇਹ ਜਾਣਕਾਰੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਦਿੱਤੀ। ਉਨ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਪੱਤਰ ਭੇਜਿਆ ਗਿਆ ਹੈ।

ਕਾਲਕਾ ਨੇ ਕਿਹਾ ਕਿ ਚੋਣਾਂ ਜਮਹੂਰੀ ਅਤੇ ਸ਼ਾਂਤੀਪੂਰਕ ਢੰਗ ਨਾਲ ਹੋਣਗੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੱਲੋਂ ਅਮਨ-ਕਾਨੂੰਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਦਾ ਉਚਿਤ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਸਾਡੀ ਪਾਰਟੀ ਆਉਂਦੇ ਸਮੇਂ ਵਿੱਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕਰੇਗੀ।’’

ਉਨ੍ਹਾਂ SGPC ਚੋਣਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਿਫਾਫਾ ਦੇ ਕੇ ਪ੍ਰਧਾਨ ਦਾ ਨਾਮ ਐਲਾਨ ਕਰਦੇ ਹਨ, ਇਸ ਦੇ ਉਲਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਭ ਤੋਂ ਨੌਜਵਾਨ ਮੈਂਬਰ ਵੱਲੋਂ ਅਹੁਦੇਦਾਰਾਂ ਦੇ ਨਾਮ ਪ੍ਰਸਤਾਵਿਤ ਕੀਤੇ ਜਾਣਗੇ। ਉਨ੍ਹਾਂ ਨੂੰ ਦੂਜੇ ਮੈਂਬਰ ਵੱਲੋਂ ਸਮਰਥਨ ਮਿਲੇਗਾ ਅਤੇ ਫਿਰ ਜਨਰਲ ਹਾਊਸ ਵੱਲੋਂ ਚੋਣ ਕੀਤੀ ਜਾਵੇਗੀ। ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੇ ਨਾਲ ਨਾਲ ਇੱਕ ਕਾਰਜਕਾਰੀ ਕਮੇਟੀ ਦੀ ਵੀ ਚੋਣ ਹੋਵੇਗੀ।

ਚੋਣਾਂ ਵਿਚ ਦੇਰੀ ਬਾਰੇ ਕਾਲਕਾ ਨੇ ਦੱਸਿਆ ਕਿ ਇਹ ਚੋਣਾਂ ਅਦਾਲਤਾਂ ਵਿੱਚ ਵਿਰੋਧੀਆਂ ਵੱਲੋਂ ਫਾਈਲ ਕੀਤੀਆਂ ਪਟੀਸ਼ਨਾਂ ਦੇ ਚਲਦੇ ਨਹੀਂ ਹੋ ਸਕੀਆਂ। ਹੁਣ ਜਦੋਂ ਕਿ ਚੋਣਾਂ ਦੀ ਮਿਆਦ ਨੂੰ ਦੋ ਸਾਲ ਲੰਘ ਚੁੱਕੇ ਹਨ, ਡਾਇਰੈਕਟਰ ਗੁਰਦੁਆਰਾ ਚੋਣਾਂ ਅਤੇ ਉਪ-ਰਾਜਪਾਲ ਨੇ ਇਹ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।

Advertisement
Show comments