ਦਿੱਲੀ: ਬੰਬ ਦੀ ਧਮਕੀ ਮਿਲਣ ਉਪਰੰਤ ਸਕੂਲ ਖਾਲੀ ਕਰਵਾਇਆ; ਤਲਾਸ਼ੀ ਜਾਰੀ
ਦਿੱਲੀ ਫਾਇਰ ਸਰਵਿਸਿਜ਼ (ਡੀ.ਐੱਫ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਇੱਕ ਨਿੱਜੀ ਸਕੂਲ ਵਿੱਚ ਬੰਬ ਦੀ ਧਮਕੀ ਵਾਲੀ ਕਾਲ ਆਉਣ ਤੋਂ ਬਾਅਦ ਤੁਰੰਤ ਐਮਰਜੈਂਸੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਧਮਕੀ ਵਾਲੀ ਕਾਲ ਸਵੇਰੇ ਲਗਪਗ 10.40 ਵਜੇ ਆਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਵਲੀ ਪਬਲਿਕ ਸਕੂਲ ਦੇ ਅੰਦਰ ਇੱਕ ਵਿਸਫੋਟਕ ਯੰਤਰ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਤੁਰੰਤ ਸਥਾਨਕ ਪੁਲੀਸ, ਫਾਇਰ ਵਿਭਾਗ ਅਤੇ ਹੋਰ ਐਮਰਜੈਂਸੀ ਏਜੰਸੀਆਂ ਨੂੰ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਕਈ ਫਾਇਰ ਟੈਂਡਰ, ਬੰਬ ਡਿਸਪੋਜ਼ਲ ਸਕੁਐਡ, ਡੌਗ ਸਕੁਐਡ ਅਤੇ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਸਾਵਧਾਨੀ ਵਜੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਅਧਿਕਾਰੀ ਨੇ ਕਿਹਾ, "ਫਿਲਹਾਲ, ਕੁਝ ਵੀ ਸ਼ੱਕੀ ਵਸਤੂ ਮਿਲਣ ਦੀ ਕੋਈ ਰਿਪੋਰਟ ਨਹੀਂ ਹੈ।" ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
