ਦਿੱਲੀ ਪੁਲੀਸ ਨੇ ਜੇ ਐੱਨ ਯੂ ਦੇ 28 ਵਿਦਿਆਰਥੀ ਰਿਹਾਅ ਕੀਤੇ
ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਜੇ ਐੱਨ ਯੂ ਟੀ ਏ) ਨੇ ਅੱਜ ਜੇ ਐੱਨ ਯੂ ਵਿਦਿਆਰਥੀਆਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ, ਖਿੱਚ-ਧੂਹ ਅਤੇ 28 ਜਣਿਆਂ ਨੂੰ ਹਿਰਾਸਤ ਵਿੱਚ ਲੈਣ ਦੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਵਿੱਚ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਤਿੰਨਅਹੁਦੇਦਾਰ ਵੀ ਸ਼ਾਮਲ ਹਨ। ਸ਼ਨਿਚਰਵਾਰ ਰਾਤ ਨੂੰ ਪੁਲੀਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ, ਜਦੋਂ ਉਹ ਏ ਬੀ ਵੀ ਪੀ ਦੀ ਕਥਿਤ ਗੁੰਡਾਗਰਦੀ ਖ਼ਿਲਾਫ਼ ਇਕਜੁੱਟ ਹੋਏ ਸਨ।
ਇੱਕ ਸਾਂਝੇ ਬਿਆਨ ਵਿੱਚ ਜੇ ਐੱਨ ਯੂ ਟੀ ਏ ਦੇ ਪ੍ਰਧਾਨ ਸੁਰਜੀਤ ਮਜ਼ੂਮਦਾਰ ਅਤੇ ਸਕੱਤਰ ਮੀਨਾਕਸ਼ੀ ਸੁੰਦਰਿਆਲ ਨੇ ਕਿਹਾ ਕਿ ਵੀਡੀਓ ਅਤੇ ਹੋਰ ਰਿਪੋਰਟਾਂ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਨੂੰ ਦਰਸਾਉਂਦੀਆਂ ਹਨ, ਜਿਸ ਨਾਲ ਕਈ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਵਿਦਿਆਰਥਣਾਂ ਉਪਰ ਹਮਲਾ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਬਾਅਦ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਵਿਦਿਆਰਥੀਆਂ ਮੁਤਾਬਕ ਜਨਰਲ ਬਾਡੀ ਮੀਟਿੰਗ ਦੌਰਾਨ ਸੱਜੇ ਅਤੇ ਖੱਬੇ ਪੱਖੀ ਧਿਰਾਂ ਵਿੱਚ ਟਕਰਾਅ ਹੋ ਗਿਆ ਸੀ ਅਤੇ ਖੱਬੇ ਪੱਖੀ ਵਿਦਿਆਰਥੀਆਂ ਨੇ ਏ ਬੀ ਵੀ ਪੀ ’ਤੇ ਖਲਲ਼ ਪਾਉਣ, ਯੂਨੀਅਨ ਦੇ ਅਹੁਦੇਦਾਰਾਂ ਅਤੇ ਸਕੂਲ ਕੌਂਸਲਰਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਦਾ ਦੋਸ਼ ਲਾਇਆ ਸੀ। ਵਿਦਿਆਰਥੀਆਂ ਨੇ ਵਸੰਤ ਕੁੰਜ ਥਾਣੇ ਵੱਲ ਮਾਰਚ ਕਰਕੇ ਪੁਲੀਸ ਵੱਲੋਂ ਗ੍ਰਿਫ਼ਤਾਰ 28 ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ।
ਪੁਲੀਸ ਨੇ ਦੋਸ਼ ਨਕਾਰੇ
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ-ਪੱਛਮ) ਅਮਿਤ ਗੋਇਲ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਸਣੇ ਲਗਭਗ 70-80 ਵਿਦਿਆਰਥੀ ਸ਼ਾਮ 6:00 ਵਜੇ ਦੇ ਕਰੀਬ ਜੇ ਐੱਨ ਯੂ ਵੈਸਟ ਗੇਟ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੈਲਸਨ ਮੰਡੇਲਾ ਮਾਰਗ ’ਤੇ ਪੁਲੀਸ ਬੈਰੀਕੇਡ ਤੋੜ ਦਿੱਤੇ। ਕਰਮਚਾਰੀਆਂ ਨਾਲ ਹੱਥੋ-ਪਾਈ ਕੀਤੀ ਅਤੇ ਆਵਾਜਾਈ ਵਿੱਚ ਵਿਘਨ ਪਾਇਆ। ਗੋਇਲ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੇ ਐੱਨ ਯੂ ਐੱਸ ਯੂ ਦੇ ਅਹੁਦੇਦਾਰਾਂ ਸਣੇ ਕੁੱਲ 28 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਛੇ ਪੁਲੀਸ ਕਰਮਚਾਰੀ ਜ਼ਖ਼ਮੀ ਹੋਏ ਹਨ।