ਦਿੱਲੀ ਪੁਲੀਸ ਨੇ ਪਾਰਦੀ ਗਰੋਹ ਦੇ ਦੋ ਲੋੜੀਂਦੇ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਚਾਰ ਸੂਬਿਆਂ ਵਿੱਚ 60 ਤੋਂ ਵੱਧ ਮਾਮਲਿਆਂ ਵਿੱਚ ਸਨ ਸ਼ਾਮਲ
ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਦਿੱਲੀ ਪੁਲੀਸ ਨੇ ਬਦਨਾਮ ਪਾਰਦੀ ਗਰੋਹ ਦੇ ਦੋ ਕਥਿਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਵਿੱਚ 60 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਸਨ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਪਛਾਣ ਅਰੁਣ ਪਾਰਦੀ (37) ਅਤੇ ਤੇਗਾ ਪਾਰਦੀ (40) ਵਜੋਂ ਹੋਈ ਹੈ, ਜਿਨ੍ਹਾਂ ’ਤੇ ਮੱਧ ਪ੍ਰਦੇਸ਼ ਪੁਲੀਸ ਨੇ 10,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਤੇਗਾ ਕਥਿਤ ਤੌਰ ’ਤੇ 2024 ਵਿੱਚ ਪੁਲੀਸ ਹਿਰਾਸਤ ਵਿੱਚੋਂ ਵੀ ਭੱਜ ਗਿਆ ਸੀ।ਪੁਲੀਸ ਨੇ ਦੱਸਿਆ ਕਿ ਹਾਲ ਹੀ ਦੇ ਦਿਨਾਂ ਵਿੱਚ ਨੇਬ ਸਰਾਏ, ਹੌਜ਼ ਖਾਸ ਅਤੇ ਮਾਲਵੀਆ ਨਗਰ ਵਿੱਚ ਰਾਤ ਨੂੰ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਤੋਂ ਬਾਅਦ, ਜਿਸ ਵਿੱਚ ਪਾਰਦੀ ਗਰੋਹ ਦੇ ਸ਼ਾਮਲ ਹੋਣ ਦਾ ਸ਼ੱਕ ਸੀ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਰਵਾਈ ਸ਼ੁਰੂ ਕੀਤੀ।
ਪੁਲੀਸ ਅਧਿਕਾਰੀ ਨੇ ਕਿਹਾ, “14 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਅਪਰਾਧੀ ਇੱਕ ਸਾਥੀ ਨੂੰ ਮਿਲਣ ਲਈ ਦਵਾਰਕਾ ਦੇ ਸ਼ਾਹਬਾਦ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚਣਗੇ। ਟੀਮ ਨੇ ਜਾਲ ਵਿਛਾਇਆ ਅਤੇ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਉਹ ਇੱਕ ਸੰਗਠਿਤ ਅੰਤਰਰਾਜੀ ਗਰੋਹ ਦਾ ਹਿੱਸਾ ਹਨ ਜੋ ਰਵਾਇਤੀ ਤੌਰ 'ਤੇ ਘਰਾਂ ਵਿੱਚ ਸੰਨ੍ਹ, ਲੁੱਟ-ਖੋਹ ਅਤੇ ਡਕੈਤੀਆਂ ਵਿੱਚ ਸ਼ਾਮਲ ਹੈ। ਗਰੋਹ ਪਰਿਵਾਰਾਂ ਦੇ ਸਮੂਹਾਂ ਵਿੱਚ ਘੁੰਮਦਾ ਹੈ, ਰੇਲਵੇ ਸਟੇਸ਼ਨਾਂ ਦੇ ਨੇੜੇ ਸੜਕ ਕਿਨਾਰੇ ਅਸਥਾਈ ਆਸਰਾ ਬਣਾਉਂਦਾ ਹੈ ਅਤੇ ਬਾਜ਼ਾਰਾਂ ਵਿੱਚ ਖਿਡੌਣੇ ਅਤੇ ਗੁਬਾਰੇ ਵਰਗੀਆਂ ਛੋਟੀਆਂ ਚੀਜ਼ਾਂ ਵੇਚਦੇ ਹੋਏ ਰੇਕੀ ਕਰਦਾ ਹੈ।”
ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ, ਉਹ ਕਥਿਤ ਤੌਰ ’ਤੇ ਗੁਲੇਲ ਅਤੇ ਪੱਥਰਾਂ ਨਾਲ ਲੈਸ ਹੋ ਕੇ ਘਰਾਂ ਵਿੱਚ ਦਾਖਲ ਹੁੰਦੇ ਹਨ ਅਤੇ ਜੇ ਸਾਹਮਣਾ ਹੁੰਦਾ ਹੈ ਤਾਂ ਅਕਸਰ ਵਸਨੀਕਾਂ ਦੇ ਸਿਰ ’ਤੇ ਹਮਲਾ ਕਰਦੇ ਹਨ। ਅਪਰਾਧ ਕਰਨ ਤੋਂ ਬਾਅਦ, ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਤੁਰੰਤ ਦੂਜੇ ਸ਼ਹਿਰ ਚਲੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਅਰੁਣ ਅਤੇ ਤੇਗਾ ਦੋਵਾਂ ਦਾ ਵਿਸ਼ਾਲ ਅਪਰਾਧਿਕ ਰਿਕਾਰਡ ਹੈ, ਜਿਸ ਵਿੱਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਦਰਜ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟ-ਖੋਹ ਅਤੇ ਚੋਰੀ ਦੇ ਮਾਮਲੇ ਸ਼ਾਮਲ ਹਨ। ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ, ਦੋਵਾਂ ਨੂੰ ਅਗਲੇਰੀ ਜਾਂਚ ਲਈ ਮੱਧ ਪ੍ਰਦੇਸ਼ ਪੁਲੀਸ ਹਵਾਲੇ ਕਰ ਦਿੱਤਾ ਗਿਆ।

