ਦਿੱਲੀ ਪੁਲੀਸ ਨੇ ਉੱਤਰੀ ਦਿੱਲੀ ਦੇ ਬਵਾਨਾ ਸਥਿਤ ਇੱਕ ਹੋਟਲ ਵਿੱਚ ਨਵੀਨ ਬਾਲੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਅਸਲਾ ਬਰਾਮਦ ਕੀਤਾ ਹੈ। ਇੱਥੇ ਇੱਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗ੍ਰਿਫ਼ਤਾਰੀ ਅਤੇ ਬਰਾਮਦਗੀ ਨਾਲ ਪੁਲੀਸ ਨੇ ਇੱਕ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਰਾਜੇਸ਼ ਬਵਾਨੀਆ ਅਤੇ ਨਵੀਨ ਬਾਲੀ ਵਿਚਕਾਰ ਦੁਸ਼ਮਣੀ ਹੈ, ਜਿਸ ਕਾਰਨ ਮੁਲਜ਼ਮ ਕਤਲ ਦੀ ਸਾਜ਼ਿਸ਼ ਰਚ ਰਹੇ ਸਨ। ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) (ਆਊਟਰ ਨਾਰਥ) ਹਰੇਸ਼ਵਰ ਨੇ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ਪੁਲੀਸ ਨੇ ਬਵਾਨਾ ਦੇ ਇੱਕ ਹੋਟਲ ਦੇ ਬਾਹਰ ਮੋਟਰਸਾਈਕਲ ਖੜ੍ਹਾ ਦੇਖਿਆ ਸੀ। ਉਸ ਮੋਟਰਸਾਈਕਲ ਨੂੰ ਜਦੋਂ ਕਾਫ਼ੀ ਸਮਾਂ ਨਾ ਹਿਲਾਇਆ ਗਿਆ ਤਾਂ ਪੁਲੀਸ ਨੂੰ ਉਸ ’ਤੇ ਸ਼ੱਕ ਹੋਇਆ। ਇਸ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਹੋਟਲ ਮਾਲਕ ਤਿੰਨ ਦਿਨਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਡੀਸੀਪੀ ਨੇ ਕਿਹਾ ਕਿ ਜਦੋਂ ਹੋਟਲ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਤਿੰਨ ਜਣੇ ਸ਼ੱਕੀ ਹਾਲਤ ਵਿੱਚ ਮਿਲੇ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ ਪੁਲੀਸ ਨੇ ਦੋ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪੂਠ ਖੁਰਦ ਵਾਸੀ ਅੰਜਾਰ ਆਲਮ (20), ਰਿਤਿਕ (20) ਅਤੇ ਗੁਰਦਾਸਪੁਰ, ਪੰਜਾਬ ਵਾਸੀ ਰਾਜੇਸ਼ ਕੁਮਾਰ ਉਰਫ਼ ਸਰਦਾਰ (28) ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਅੰਜਾਰ ਦੀ ਨਿਸ਼ਾਨਦੇਹੀ ’ਤੇ ਤਲਾਸ਼ੀ ਦੌਰਾਨ ਇੱਕ ਹੋਰ ਪਿਸਤੌਲ, ਦੋ ਮੈਗਜੀਨ ਅਤੇ 13 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਅਨੁਸਾਰ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ 2023 ਵਿੱਚ ਅਜੈ ਉਰਫ਼ ਬਹਾਦਰ ਅਤੇ ਇਸ ਸਾਲ ਜਨਵਰੀ ਵਿੱਚ ਧਰਮਵੀਰ ਉਰਫ਼ ਬਿੱਲੂ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਜ਼ਿਸ਼ ਰਚ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਰਿਤਿਕ ਨੂੰ ਉਨ੍ਹਾਂ ਵਿਅਕਤੀਆਂ ਰੇਕੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਨ੍ਹਾਂ ’ਤੇ ਹਮਲਾ ਕੀਤਾ ਜਾਣਾ ਸੀ। ਅੰਜਾਰ ਅਤੇ ਰਾਜੇਸ਼ ਨੂੰ ਕਤਲ ਕਰਨ ਲਈ ਕਿਹਾ ਗਿਆ ਸੀ। ਉਹ ਵਿਦੇਸ਼ ਵਿੱਚ ਰਹਿੰਦੇ ਗਰੋਹ ਦੇ ਸਰਗਣਾ ਹਿਮਾਂਸ਼ੂ ਭਾਊ ਦੇ ਸੰਪਰਕ ਵਿੱਚ ਸਨ। ਉਸ ਨੇ ਇਸ ਕੰਮ ਲਈ ਮੁਲਜ਼ਮਾਂ ਨੂੰ 70 ਹਜ਼ਾਰ ਰੁਪਏ ਵੀ ਭੇਜੇ ਸਨ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮਾਂ ਦੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪੁਲੀਸ ਨੂੰ ਇਤਰਾਜ਼ਯੋਗ ਚੈਟ ਮਿਲੀ ਹੈ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।
+
Advertisement
Advertisement
Advertisement
Advertisement
×