Delhi Oath Taking ceremony ਹਲਫ਼ਦਾਰੀ ਸਮਾਗਮ ’ਚ 30,000 ਲੋਕ, ਫ਼ਿਲਮੀ ਹਸਤੀਆਂ ਤੇ ਸਨਅਤਕਾਰ ਹੋਣਗੇ ਸ਼ਾਮਲ
ਉਜਵਲ ਜਲਾਲੀ
ਨਵੀਂ ਦਿੱਲੀ, 18 ਫਰਵਰੀ
Delhi Oath taking ceremony ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਮ ਅਜੇ ਤੈਅ ਨਹੀਂ ਹੋਇਆ, ਪਰ ਦਿੱਲੀ ਦੇ Ramleela Maidan ਵਿੱਚ ਹਲਫ਼ਦਾਰੀ ਸਮਾਗਮ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਹਲਫ਼ਦਾਰੀ ਸਮਾਗਮ 20 ਫਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਸ਼ਾਮ 4:30 ਵਜੇ ਦੇ ਕਰੀਬ ਹੋ ਸਕਦਾ ਹੈ ਅਤੇ ਇਸ ਵਿੱਚ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਸਿਖਰਲੇ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਭਾਜਪਾ ਵਿਧਾਇਕ ਦਲ ਦੀ ਬੈਠਕ, ਜੋ ਪਹਿਲਾਂ ਸੋਮਵਾਰ ਨੂੰ ਹੋਣੀ ਸੀ, ਹੁਣ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਇਸ ਬੈਠਕ ਵਿਚ ਪਾਰਟੀ ਵੱਲੋਂ ਆਪਣੇ ਮੁੱਖ ਮੰਤਰੀ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਹੈ।
ਲੰਘੇ ਦਿਨ ਵਰਕਰਾਂ ਨੂੰ ਜ਼ਮੀਨ, ਸੜਕਾਂ ਅਤੇ ਫੁੱਟਪਾਥਾਂ ਦੀ ਸਫਾਈ ਕਰਦੇ ਦੇਖਿਆ ਗਿਆ। ਰਾਮਲੀਲਾ ਮੈਦਾਨ ਵਿੱਚ ਚਾਰਦੀਵਾਰੀ ਨੂੰ ਨਵੇਂ ਸਿਰੇ ਤੋਂ ਰੰਗ ਰੋਗਨ ਕੀਤਾ ਗਿਆ ਹੈ। ਇਸ ਮੈਦਾਨ ਵਿੱਚ ਕਰੀਬ 30,000 ਲੋਕ ਬੈਠ ਸਕਦੇ ਹਨ।
ਪਾਰਟੀ ਸੂਤਰਾਂ ਅਨੁਸਾਰ ਹਲਫ਼ਦਾਰੀ ਸਮਾਗਮ ਲਈ ਸੱਦੇ ਮਹਿਮਾਨਾਂ ਦੀ ਸੂਚੀ ਵਿਚ ਸਿਆਸਤਦਾਨਾਂ ਤੋਂ ਇਲਾਵਾ 50 ਤੋਂ ਵੱਧ ਫਿਲਮੀ ਸਿਤਾਰਿਆਂ ਅਤੇ ਉਦਯੋਗਪਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ, ‘‘ਸਮਾਗਮ ਲਈ ਪ੍ਰਮੁੱਖ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਦਿੱਲੀ ਦੇ ਕਿਸਾਨ ਆਗੂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।’’
ਇਸ ਤੋਂ ਇਲਾਵਾ ਬਾਬਾ ਰਾਮਦੇਵ, ਸਵਾਮੀ ਚਿਦਾਨੰਦ ਅਤੇ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਵਰਗੇ ਅਧਿਆਤਮਕ ਆਗੂ ਇਸ ਅਹਿਮ ਸਮਾਗਮ ਵਿੱਚ ਦੇਸ਼ ਦੇ ਧਾਰਮਿਕ ਆਗੂਆਂ ਦੀ ਨੁਮਾਇੰਦਗੀ ਕਰਨਗੇ।
ਸਮਾਗਮ ਵਿੱਚ ਕੁਝ ਉੱਘੀਆਂ ਹਸਤੀਆਂ ਸੰਗੀਤਕ ਪੇਸ਼ਕਾਰੀ ਦੇਣਗੀਆਂ, ਜਿਨ੍ਹਾਂ ਵਿੱਚ ਗਾਇਕ ਕੈਲਾਸ਼ ਖੇਰ ਦਾ ਨਾਮ ਵੀ ਸ਼ਾਮਲ ਹੋ ਸਕਦਾ ਹੈ। ਭਾਜਪਾ ਨੇ ਦਿੱਲੀ ਵਿੱਚ ਆਪਣੇ 27 ਸਾਲਾਂ ਦੇ ਜਮੂਦ ਨੂੰ ਖਤਮ ਕਰਦੇ ਹੋਏ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 48 ਸੀਟਾਂ ਜਿੱਤੀਆਂ ਸਨ।