ਨਵੀਂ ਦਿੱਲੀ, 19 ਫਰਵਰੀ
Delhi New CM: ਭਾਜਪਾ ਵਿਧਾਇਕ ਦਲ ਦੀ ਬੁੱਧਵਾਰ(ਅੱਜ) ਸ਼ਾਮ ਨੂੰ ਹੋਣ ਵਾਲੀ ਮੀਟਿੰਗ ਵਿਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲਿਆ ਜਾਵੇਗਾ। 5 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ 26 ਸਾਲਾਂ ਬਾਅਦ ਸੱਤਾ ਵਿੱਚ ਆਈ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਮੀਟਿੰਗ ਸ਼ਾਮ 7 ਵਜੇ ਦੇ ਕਰੀਬ ਦਿੱਲੀ ਭਾਜਪਾ ਦੇ ਦਫਤਰ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਭਾਰਤੀ ਜਨਤਾ ਪਾਰਟੀ ਦੇ 48 ਵਿਧਾਇਕ ਦਿੱਲੀ ਵਿਧਾਨ ਸਭਾ ਵਿੱਚ ਸਦਨ ਦੇ ਨੇਤਾ ਦੀ ਚੋਣ ਕਰਨਗੇ, ਜੋ ਮੁੱਖ ਮੰਤਰੀ ਬਣੇਗਾ। ਅੱਜ ਹੋਣ ਵਾਲੀ ਮੀਟਿੰਗ ਭਾਜਪਾ ਦੇ ਕੇਂਦਰੀ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਹੋਵੇਗੀ, ਜਿਨ੍ਹਾਂ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ। ਪਾਰਟੀ ਦੇ ਵਿਧਾਇਕਾਂ ਵੱਲੋਂ ਚੁਣੇ ਜਾਣ ਤੋਂ ਬਾਅਦ ਨਵਾਂ ਮੁੱਖ ਮੰਤਰੀ ਸੱਤਾ ਦਾ ਦਾਅਵਾ ਪੇਸ਼ ਕਰਨ ਲਈ ਰਾਜ ਨਿਵਾਸ ਵਿਖੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕਰੇਗਾ।
ਉਧਰ ਵੀਰਵਾਰ ਦੁਪਹਿਰ ਰਾਮਲੀਲ੍ਹਾ ਮੈਦਾਨ ’ਚ ਨਵੀਂ ਸਰਕਾਰ ਦੇ ਸ਼ਾਨਦਾਰ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਅਤੇ ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਸਮੇਤ ਲਗਭਗ 50,000 ਲੋਕ ਸਮਾਰੋਹ ਵਿੱਚ ਸ਼ਾਮਲ ਹੋਣਗੇ। ਨਵੇਂ ਮੁੱਖ ਮੰਤਰੀ ਲਈ ਜਿਨ੍ਹਾਂ ਨਾਵਾਂ ’ਤੇ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪਰਵੇਸ਼ ਵਰਮਾ, ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਅਤੇ ਸਤੀਸ਼ ਉਪਾਧਿਆਏ, ਪਵਨ ਸ਼ਰਮਾ, ਆਸ਼ੀਸ਼ ਸੂਦ, ਰੇਖਾ ਗੁਪਤਾ ਅਤੇ ਸ਼ਿਖਾ ਰਾਏ ਸ਼ਾਮਲ ਹਨ।
ਬਵਾਨਾ (ਐਸ.ਸੀ.) ਸੀਟ ਤੋਂ ਵਿਧਾਇਕ ਰਵਿੰਦਰ ਇੰਦਰਾਜ਼ ਸਿੰਘ ਅਤੇ ਭਾਜਪਾ ਲਈ ਮਾਦੀਪੁਰ (ਐਸਸੀ) ਸੀਟ ਤੋਂ ਪਹਿਲੀ ਵਾਰ ਜਿੱਤਣ ਵਾਲੇ ਕੈਲਾਸ਼ ਗੰਗਵਾਲ ਦੇ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ। -ਪੀਟੀਆਈ