ਦਿੱਲੀ-ਐੱਨਸੀਆਰ ਨੂੰ ਧੁਆਂਖੀ ਧੁੰਦ ਨੇ ਘੇਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਇੱਥੇ ਅੱਜ ਸਵੇਰ ਤੋਂ ਹੀ ਦਿੱਲੀ-ਐੱਨਸੀਆਰ ਵਿੱਚ ਧੂੜ ਦੀ ਚਾਦਰ ਛਾਈ ਰਹੀ ਅਤੇ ਇਸ ਨਾਲ ਅਸਮਾਨ ਉੱਪਰ ਭੂਰੇ ਰੰਗ ਦੀ ਗਹਿਰ ਬਣੀ ਰਹੀ। ਇਸ ਕਾਰਨ ਦੇਖਣ ਦੀ ਸਮਰੱਥਾ ਵਿੱਚ ਫਰਕ ਪਿਆ। ਬੀਤੇ ਦਿਨ ਧੂੜ ਦੇ ਆਏ ਤੂਫਾਨ ਦਾ ਅਸਰ ਅੱਜ ਵੀ ਦਿੱਲੀ ਐੱਨਸੀਆਰ ਵਿੱਚ ਦਿਖਾਈ ਦਿੱਤਾ। ਵਾਯੂਮੰਡਲ ਵਿੱਚ ਹਰ ਪਾਸੇ ਧੂੜ ਹੀ ਧੂੜ ਸੀ ਜਿਸ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਜੀਬਿਲਟੀ ਪ੍ਰਭਾਵਿਤ ਹੋਈ।
ਸੀਨੀਅਰ ਮੌਸਮ ਵਿਗਿਆਨੀ ਆਰਕੇ ਜੇਨਾਮਾਨੀ ਨੇ ਇਹ ਜਾਣਕਾਰੀ ਦਿੱਤੀ ਕਿ ਹਵਾ ਲਗਪਗ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗ ਰਹੀ ਸੀ, ਪਰ ਉਦੋਂ ਤੋਂ ਤਿੰਨ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਾਤਾਰ ਨਾਲ ਸ਼ਾਂਤ, ਕਮਜ਼ੋਰ ਹਵਾਵਾਂ ਚੱਲ ਰਹੀਆਂ ਹਨ। ਨਤੀਜੇ ਵਜੋਂ ਹਵਾ ਵਿੱਚ ਧੂੜ ਹੋਣ ਕਰਕੇ, ਸਫਦਰਜੰਗ ਅਤੇ ਪਾਲਮ ਹਵਾਈ ਅੱਡਿਆਂ ’ਤੇ 1200-1500 ਮੀਟਰ ਤੱਕ ਦਿਖਣ ਦੀ ਤੀਬਰਤਾ ਘੱਟ ਗਈ। ਅੱਜ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ। ਪਿਛਲੇ ਦੋ ਦਿਨਾਂ ਤੋਂ ਤਾਪਮਾਨ 40 ਡਿਗਰੀ ਨੂੰ ਪਾਰ ਕਰ ਰਿਹਾ ਹੈ। ਅੱਜ ਤਾਪਮਾਨ 41 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਹਾਲਾਂਕਿ, ਹੁਣ ਗਰਮੀ ਦੀ ਲਹਿਰ ਨਹੀਂ ਰਹੇਗੀ। ਦਿੱਲੀ ਦੀ ਹਵਾ ਦੀ ਗੁਣਵੱਤਾ ਅਜੇ ਵੀ ਮਾੜੀ ਸ਼੍ਰੇਣੀ ਵਿੱਚ ਹੈ।
ਵੀਰਵਾਰ ਸਵੇਰੇ 10 ਵਜੇ ਦਿੱਲੀ ਦਾ ਏਕਿਊਆਈ 249 ਦਰਜ ਕੀਤਾ ਗਿਆ। ਇਸ ਨੂੰ ਮਾੜੀ ਸ਼੍ਰੇਣੀ ਵਿੱਚ ਰੱਖਿਆ ਗਿਆ। ਧੂੜ ਭਰੇ ਤੂਫਾਨ ਕਾਰਨ ਅੱਠ ਦਿਨਾਂ ਬਾਅਦ ਅੱਜ ਦਿੱਲੀ ਦਾ ਏਕਿਊਆਈ 200 ਤੋਂ ਉੱਪਰ ਚਲਾ ਗਿਆ ਹੈ। ਐੱਨਸੀਆਰ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ ਦੀ ਹਵਾ ਵੀ ਮਾੜੀ ਸ਼੍ਰੇਣੀ ਵਿੱਚ ਹੈ। ਨੋਇਡਾ ਵਿੱਚ ਅਗਲੇ 2 ਦਿਨ ਗਰਮੀ ਲੋਕਾਂ ਨੂੰ ਸਤਾਏਗੀ, ਤਾਪਮਾਨ 42 ਡਿਗਰੀ ਤੱਕ ਪਹੁੰਚ ਜਾਵੇਗਾ। ਤਾਪਮਾਨ ਦੇ ਵਧਦੇ ਗ੍ਰਾਫ ਨੇ ਗੌਤਮ ਬੁੱਧਨਗਰ ਵਿੱਚ ਵੀ ਗਰਮੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ।