ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅਧਿਕਾਰਤ ਤੌਰ ’ਤੇ ਆਪਣੇ ਚੌਥੇ ਪੜਾਅ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਲਾਜਪਤ ਨਗਰ-ਸਾਕੇਤ ਜੀ ਬਲਾਕ ਕੋਰੀਡੋਰ ਤੋਂ ਕੀਤੀ ਗਈ। ਗੋਲਡਨ ਲਾਈਨ ਦੇ ਇਸ ਅਹਿਮ ਕੋਰੀਡੋਰ ਦਾ ਨੀਂਹ ਪੱਥਰ ਸਮਾਗਮ ਸਾਕੇਤ ਨੇੜੇ ਪੁਸ਼ਪਾ ਭਵਨ ਵਿੱਚ ਕਰਵਾਇਆ ਗਿਆ।
ਗੋਲਡਨ ਲਾਈਨ ਦਾ ਇਹ ਕੋਰੀਡੋਰ ਥੋੜ੍ਹਾ ਉੱਚਾ ਹੋਵੇਗਾ ਅਤੇ ਇਸ ਵਿੱਚ ਅੱਠ ਮੈਟਰੋ ਸਟੇਸ਼ਨ ਸ਼ਾਮਲ ਹੋਣਗੇ। ਇਨ੍ਹਾਂ ਸਟੇਸ਼ਨਾਂ ਵਿੱਚ ਲਾਜਪਤ ਨਗਰ, ਐਂਡਰਿਊਜ਼ ਗੰਜ, ਗ੍ਰੇਟਰ ਕੈਲਾਸ਼-1, ਚਿਰਾਗ ਦਿੱਲੀ, ਪੁਸ਼ਪਾ ਭਵਨ, ਸਾਕੇਤ ਜ਼ਿਲ੍ਹਾ ਕੇਂਦਰ, ਪੁਸ਼ਪ ਵਿਹਾਰ ਅਤੇ ਸਾਕੇਤ ਜੀ ਬਲਾਕ ਸ਼ਾਮਲ ਹਨ। ਦੱਖਣੀ ਦਿੱਲੀ ਵਿੱਚ ਇਹ ਕੋਰੀਡੋਰ ਸੰਪਰਕ ਵਧਾਉਣ ਅਤੇ ਮੌਜੂਦਾ ਮੈਟਰੋ ਲਾਈਨਾਂ ਨੂੰ ਆਪਸ ਵਿੱਚ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਸ ਨਾਲ ਲੱਖਾਂ ਯਾਤਰੀਆਂ ਲਈ ਸਫ਼ਰ ਆਸਾਨ ਹੋਵੇਗਾ ਅਤੇ ਜਨਤਕ ਆਵਾਜਾਈ ਦੇ ਢਾਂਚੇ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਖੇਤਰ ਦੇ ਨਾਮਵਰ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਤੱਕ ਪਹੁੰਚਣਾ ਸੌਖਾ ਹੋ ਜਾਵੇਗਾ।
ਇਸ ਪ੍ਰਾਜੈਕਟ ਨਾਲ ਗ੍ਰੇਟਰ ਕੈਲਾਸ਼-1, ਸਾਕੇਤ, ਗ੍ਰੇਟਰ ਕੈਲਾਸ਼ ਅਤੇ ਪੁਸ਼ਪ ਵਿਹਾਰ ਵਰਗੇ ਇਲਾਕੇ ਚਿਰਾਗ ਦਿੱਲੀ ਵਿਖੇ ਮੌਜੂਦਾ ਮੈਜੈਂਟਾ ਲਾਈਨ ਅਤੇ ਲਾਜਪਤ ਨਗਰ ਵਿਖੇ ਵਾਇਲਟ ਤੇ ਪਿੰਕ ਲਾਈਨਾਂ ਨਾਲ ਸਿੱਧੇ ਜੁੜ ਜਾਣਗੇ। ਖਾਸ ਗੱਲ ਇਹ ਹੈ ਕਿ ਲਾਜਪਤ ਨਗਰ ਦੱਖਣੀ ਦਿੱਲੀ ਵਿੱਚ ਮੁੱਖ ਇੰਟਰਚੇਂਜ ਹੱਬ ਬਣ ਜਾਵੇਗਾ, ਜੋ ‘ਟ੍ਰਿਪਲ ਇੰਟਰਚੇਂਜ ਸਟੇਸ਼ਨ’ ਵਜੋਂ ਕੰਮ ਕਰੇਗਾ। ਗੋਲਡਨ ਲਾਈਨ ਦੇ ਇਸ ਹਿੱਸੇ ਤੋਂ ਇਲਾਵਾ ਇੰਦਰਲੋਕ ਤੋਂ ਇੰਦਰਪ੍ਰਸਥ ਅਤੇ ਰਿਠਾਲਾ ਤੋਂ ਨਰੇਲਾ ਕੋਰੀਡੋਰ ਦੇ ਨਿਰਮਾਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵੀ ਅੱਗੇ ਵਧ ਰਹੀਆਂ ਹਨ।

