ਦਿੱਲੀ ਮੈਟਰੋ ਵਿਚ ਅੱਜ ਤੋਂ ਕਿਰਾਇਆ ਵਧਿਆ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਯਾਤਰਾ ਦੀ ਦੂਰੀ ਦੇ ਆਧਾਰ ’ਤੇ ਕਿਰਾਏ ਵਿੱਚ 1 ਤੋਂ 4 ਰੁਪਏ ਦਾ ਵਾਧਾ ਕੀਤਾ ਹੈ। ਸੋਧੇ ਹੋਏ ਕਿਰਾਏ ਵਿੱਚ ਆਮ ਦਿਨਾਂ ਵਿੱਚ ਜ਼ੀਰੋ ਤੋਂ ਦੋ ਕਿਲੋਮੀਟਰ ਦੀ ਦੂਰੀ ਲਈ ਕਿਰਾਇਆ 10 ਰੁਪਏ ਤੋਂ ਵਧਾ ਕੇ 11 ਰੁਪਏ ਕਰ ਦਿੱਤਾ ਗਿਆ ਹੈ, ਜਦੋਂ ਕਿ 32 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਲਈ, ਕਿਰਾਇਆ 60 ਰੁਪਏ ਤੋਂ ਵਧਾ ਕੇ 64 ਰੁਪਏ ਕਰ ਦਿੱਤਾ ਗਿਆ ਹੈ।
ਮੈਟਰੋ ਵਿੱਚ 12 ਤੋਂ 21 ਕਿਲੋਮੀਟਰ ਦੀ ਦੂਰੀ ਦਾ ਕਿਰਾਇਆ 40 ਰੁਪਏ ਤੋਂ ਵੱਧ ਕੇ 43 ਰੁਪਏ ਹੋ ਗਿਆ ਹੈ ਅਤੇ 21 ਤੋਂ 32 ਕਿਲੋਮੀਟਰ ਦੀ ਦੂਰੀ ਲਈ, ਨਵਾਂ ਕਿਰਾਇਆ ਪਹਿਲਾਂ ਦੇ 50 ਰੁਪਏ ਤੋਂ ਵਧਾ ਕੇ 54 ਰੁਪਏ ਕਰ ਦਿੱਤਾ ਗਿਆ ਹੈ। ਐਤਵਾਰ ਅਤੇ ਕੌਮੀ ਛੁੱਟੀਆਂ ਵਾਲੇ ਦਿਨ ਵੀ ਕਿਰਾਏ ਵਧਾ ਦਿੱਤੇ ਗਏ ਹਨ।
ਨਵੇਂ ਨਿਯਮਾਂ ਅਨੁਸਾਰ, 32 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ, 50 ਰੁਪਏ ਦੀ ਬਜਾਏ 54 ਰੁਪਏ ਦੇਣੇ ਪੈਣਗੇ, ਜਦੋਂ ਕਿ 12 ਤੋਂ 21 ਕਿਲੋਮੀਟਰ ਦੀ ਦੂਰੀ ਲਈ, ਪਹਿਲਾਂ 30 ਰੁਪਏ ਦਾ ਕਿਰਾਇਆ ਹੁਣ 32 ਰੁਪਏ ਕਰ ਦਿੱਤਾ ਗਿਆ ਹੈ।
ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਕਿਰਾਏ ਵਿੱਚ ਵੀ 5 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।
ਡੀਐਮਆਰਸੀ ਨੇ ਕਿਹਾ ਕਿ ਇਹ ਵਾਧਾ ‘ਘੱਟੋ-ਘੱਟ’ ਹੈ ਅਤੇ ਇਸ ਦਾ ਉਦੇਸ਼ ਕਿਫਾਇਤੀ ਜਨਤਕ ਆਵਾਜਾਈ ਪ੍ਰਦਾਨ ਕਰਦੇ ਹੋਏ ਸੰਚਾਲਨ ਲਾਗਤਾਂ ਨੂੰ ਸੰਤੁਲਿਤ ਕਰਨਾ ਹੈ।