Delhi MCD bypolls: ਭਾਜਪਾ ਨੇ 12 ਵਿਚੋਂ ਸੱਤ ਤੇ ‘ਆਪ’ ਨੇ ਤਿੰਨ ਸੀਟਾਂ ਜਿੱਤੀਆਂ, ਕਾਂਗਰਸ ਦਾ ਵੀ ਖਾਤਾ ਖੁੱਲ੍ਹਿਆ
ਭਾਜਪਾ ਨੇ ਦਿੱਲੀ ਐੱਮਸੀਡੀ ਜ਼ਿਮਨੀ ਚੋਣਾਂ ਵਿਚ 12 ਵਿੱਚੋਂ ਸੱਤ ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ (ਆਪ) ਨੇ 3 ਸੀਟਾਂ ਜਿੱਤੀਆਂ ਹਨ ਅਤੇ ਕਾਂਗਰਸ ਵੀ ਇਕ ਸੀਟ ਨਾਲ ਖਾਤਾ ਖੋਲ੍ਹਣ ਵਿਚ ਸਫ਼ਲ ਰਹੀ ਹੈ। ਆਲ ਇੰਡੀਆ ਫਾਰਵਰਡ ਬਲਾਕ ਨੇ ਵੀ ਇੱਕ ਸੀਟ ਜਿੱਤੀ ਹੈ। ਭਾਜਪਾ ਦੇ ਸੁਮਨ ਕੁਮਾਰ ਗੁਪਤਾ ਨੇ ਚਾਂਦਨੀ ਚੌਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਸ਼ ਸ਼ਰਮਾ ਨੂੰ 1,182 ਵੋਟਾਂ ਦੇ ਫਰਕ ਨਾਲ ਹਰਾਇਆ।
ਭਗਵਾ ਪਾਰਟੀ ਨੇ ਸ਼ਾਲੀਮਾਰ ਬਾਗ ਬੀ ਵਾਰਡ ਤੋਂ ਵੀ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ, ਜਿੱਥੇ ਅਨੀਤਾ ਜੈਨ ਨੇ 'ਆਪ' ਦੀ ਬਬੀਤਾ ਰਾਣਾ ਨੂੰ 10,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਐੱਮਸੀਡੀ ਉਪ ਚੋਣਾਂ ਲਈ 12 ਵਾਰਡਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਦਿੱਲੀ ਦੇ 10 ਗਿਣਤੀ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ।
'ਆਪ' ਨੇ ਮੁੰਡਕਾ ਅਤੇ ਦੱਖਣੀਪੁਰੀ ਵਾਰਡਾਂ 'ਤੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਦੇ ਸੁਰੇਸ਼ ਚੌਧਰੀ ਨੇ ਸੰਗਮ ਵਿਹਾਰ ਏ ਵਾਰਡ 'ਚ ਭਾਜਪਾ ਦੇ ਸੁਭਾਜੀਤ ਗੌਤਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਚੌਧਰੀ ਨੂੰ 12,766 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਨੂੰ 9,138 ਵੋਟਾਂ ਮਿਲੀਆਂ। ਆਲ ਇੰਡੀਆ ਫਾਰਵਰਡ ਬਲਾਕ ਦੇ ਉਮੀਦਵਾਰ ਮੁਹੰਮਦ ਇਮਰਾਨ ਨੇ ਚਾਂਦਨੀ ਮਹਿਲ ਸੀਟ 'ਤੇ 'ਆਪ' ਦੇ ਮੁਦੱਸਰ ਉਸਮਾਨ ਨੂੰ 4,692 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਭਾਜਪਾ ਦੀਚਾਓਂ ਕਲਾਂ, ਗ੍ਰੇਟਰ ਕੈਲਾਸ਼, ਸ਼ਾਲੀਮਾਰ ਬਾਗ ਬੀ ਵਾਰਡਾਂ ਵਿੱਚ ਅੱਗੇ ਸੀ, ਜਦੋਂ ਕਿ ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨਰੈਨਾ ਵਾਰਡ ਵਿੱਚ ਅੱਗੇ ਸੀ। 30 ਨਵੰਬਰ ਨੂੰ ਜਿਨ੍ਹਾਂ 12 ਵਾਰਡਾਂ ਵਿੱਚ ਵੋਟਿੰਗ ਹੋਈ ਸੀ, ਉਨ੍ਹਾਂ ਵਿੱਚੋਂ 9 ਪਹਿਲਾਂ ਭਾਜਪਾ ਕੋਲ ਸਨ ਅਤੇ ਬਾਕੀ 'ਆਪ' ਕੋਲ ਸਨ।
ਰਾਜ ਚੋਣ ਕਮਿਸ਼ਨ, ਦਿੱਲੀ ਨੇ ਕਾਂਝਾਵਾਲਾ, ਪੀਤਮਪੁਰਾ, ਭਾਰਤ ਨਗਰ, ਸਿਵਲ ਲਾਈਨਜ਼, ਰਾਊਜ਼ ਐਵੇਨਿਊ, ਦਵਾਰਕਾ, ਨਜਫਗੜ੍ਹ, ਗੋਲ ਮਾਰਕੀਟ, ਪੁਸ਼ਪ ਵਿਹਾਰ ਅਤੇ ਮੰਡਾਵਲੀ ਵਿੱਚ 10 ਗਿਣਤੀ ਕੇਂਦਰ ਸਥਾਪਤ ਕੀਤੇ ਹਨ।
ਵੋਟਿੰਗ ਮਗਰੋਂ ਈਵੀਐੱਮਜ਼ ਵਾਲੇ ਸਟਰਾਂਗ ਰੂਮਾਂ ਨੂੰ ਢੁਕਵੇਂ ਸੁਰੱਖਿਆ ਉਪਾਵਾਂ ਨਾਲ ਸੁਰੱਖਿਅਤ ਕੀਤਾ ਗਿਆ ਸੀ, ਜਿਸ ਵਿੱਚ 24 ਘੰਟੇ ਸੀਸੀਟੀਵੀ ਨਿਗਰਾਨੀ ਅਤੇ ਨੀਮ ਫੌਜੀ ਬਲਾਂ ਅਤੇ ਦਿੱਲੀ ਪੁਲੀਸ ਦੇ ਕਰਮੀਆਂ ਦੀ ਤਾਇਨਾਤੀ ਸ਼ਾਮਲ ਹੈ। ਦਿੱਲੀ ਪੁਲੀਸ ਦੇ ਲਗਪਗ 1,800 ਕਰਮਚਾਰੀ ਅਤੇ ਨੀਮ ਫੌਜੀ ਬਲਾਂ ਦੀਆਂ 10 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਵੋਟਾਂ ਦੀ ਗਿਣਤੀ ਲਈ ਲਗਪਗ 700 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਅਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਗਿਣਤੀ ਏਜੰਟਾਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। 2022 ਵਿੱਚ 250 ਵਾਰਡਾਂ ਲਈ ਹੋਈਆਂ ਐੱਮਸੀਡੀ ਚੋਣਾਂ ਵਿੱਚ 50.47 ਫੀਸਦ ਦੇ ਮੁਕਾਬਲੇ ਉਪ-ਚੋਣਾਂ ਵਿੱਚ ਵੋਟ ਫੀਸਦ 38.51 ਸੀ। ਸਾਰੀਆਂ ਨਜ਼ਰਾਂ ਖਾਸ ਤੌਰ ’ਤੇ ਸ਼ਾਲੀਮਾਰ ਬਾਗ ਬੀ ਅਤੇ ਦਵਾਰਕਾ ਬੀ ਵਾਰਡਾਂ ਦੇ ਨਤੀਜਿਆਂ ’ਤੇ ਟਿਕੀਆਂ ਹਨ। ਫਰਵਰੀ ਵਿੱਚ ਭਾਜਪਾ ਕੌਂਸਲਰ ਰੇਖਾ ਗੁਪਤਾ ਦੇ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਾਲੀਮਾਰ ਬਾਗ ਬੀ ਵਾਰਡ ਖਾਲੀ ਸੀ। ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੇ ਪਹਿਲਾਂ ਦਵਾਰਕਾ ਬੀ ਵਾਰਡ ਸੰਭਾਲਿਆ ਸੀ।
