ਦਿੱਲੀ ’ਚ Anti Sikh Riots ਵੇਲੇ ਮੈਨੂੰ ਵੀ ਆਪਣੇ ਮਾਪਿਆਂ ਦੀ ਜਾਨ ਦਾ ਡਰ ਸੀ: ਪੁਰੀ
ਕੇਂਦਰੀ ਮੰਤਰੀ ਨੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਮੌਕੇ ਦਿਲ ਦਹਿਲਾਉਣ ਵਾਲੇ ਦ੍ਰਿਸ਼ਾਂ ਨੂੰ ਯਾਦ ਕੀਤਾ
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਮੌਕੇ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੜਕੀ ਭੀੜ ਹੱਥੋਂ ਸਿੱਖ ਭਾਈਚਾਰੇ ਨੂੰ ਦਰਪੇਸ਼ ਭਿਆਨਕਤਾ ਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ਾਂ ਨੂੰ ਯਾਦ ਕੀਤਾ। ਪੁਰੀ, ਜੋ ਉਦੋਂ ਜੇਨੇਵਾ ਵਿੱਚ ਪਹਿਲੇ ਸਕੱਤਰ ਵਜੋਂ ਤਾਇਨਾਤ ਸਨ, ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਜਾਨ ਦਾ ਡਰ ਸਤਾ ਰਿਹਾ ਸੀ ਜੋ ਉਸ ਵੇਲੇ ਦਿੱਲੀ ਵਿੱਚ ਰਹਿੰਦੇ ਸਨ।
ਮੰਤਰੀ ਨੇ ਉਸ ਦਿਨ ਨੂੰ ਯਾਦ ਕਰਦਿਆਂ ਕਿਹਾ, ‘‘ਹੋਰਨਾਂ ਸਿੱਖਾਂ ਵਾਂਗ ਇਹ ਹਿੰਸਾ ਮੇਰੇ ਘਰ ਦੇ ਨੇੜੇ ਵੀ ਪਹੁੰਚੀ। ਮੈਂ ਉਦੋਂ ਜੇਨੇਵਾ ਵਿੱਚ ਤਾਇਨਾਤ ਪਹਿਲਾ ਸਕੱਤਰ ਸੀ ਅਤੇ ਆਪਣੇ ਮਾਪਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਬਹੁਤ ਫ਼ਿਕਰਮੰਦ ਸੀ। ਮੇਰੇ ਮਾਪੇ ਹੌਜ਼ ਖਾਸ ਦੇ ਐਸਐਫਐਸ ਵਿੱਚ ਇੱਕ ਡੀਡੀਏ ਫਲੈਟ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਮੇਰੇ ਇਕ ਹਿੰਦੂ ਦੋਸਤ ਨੇ ਸਮੇਂ ਸਿਰ ਬਚਾ ਲਿਆ ਅਤੇ ਖਾਨ ਮਾਰਕੀਟ ਵਿੱਚ ਮੇਰੇ ਦਾਦਾ-ਦਾਦੀ ਦੇ ਪਹਿਲੀ ਮੰਜ਼ਿਲ ਵਾਲੇ ਘਰ ਵਿੱਚ ਲੈ ਗਏ। ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਅਣਕਿਆਸੀ ਹਿੰਸਾ ਫੈਲੀ ਹੋਈ ਸੀ।’’
’84 ਦੇ ਦੰਗਿਆਂ ਲਈ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਪੁਰੀ ਨੇ ਕਿਹਾ ਕਿ ਅੱਜ ਹਿੰਸਾ ਦੇ ਉਨ੍ਹਾਂ ਕਾਲੇ ਦਿਨਾਂ ਨੂੰ ਗੁੱਸੇ ਨਾਲ ਯਾਦ ਕਰਨ ਦਾ ਵੇਲਾ ਹੈ। ਅਸੀਂ ਦੰਗਾ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਨ੍ਹਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੇ ਦੁੱਖ ਅਤੇ ਦਰਦ ਨਾਲ ਹਮਦਰਦੀ ਰੱਖਦੇ ਹਾਂ। ਉਨ੍ਹਾਂ ਕਿਹਾ, ‘‘ਸਮਾਂ ਆ ਗਿਆ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਵੇਸ਼ੀ ਵਿਕਾਸ ਅਤੇ ਸ਼ਾਂਤੀ ਦੇ ਯੁੱਗ ਦੀ ਕਦਰ ਕਰੀਏ। ਅੱਜ ਭਾਰਤ ਨਾ ਸਿਰਫ਼ ਆਪਣੀਆਂ ਘੱਟਗਿਣਤੀਆਂ ਨੂੰ ਸੁਰੱਖਿਅਤ ਰੱਖਦਾ ਹੈ ਬਲਕਿ ਬਿਨਾਂ ਕਿਸੇ ਪੱਖਪਾਤ ਜਾਂ ਭੇਦਭਾਵ ਦੇ ‘ਸਭਕਾ ਸਾਥ, ਸਭਕਾ ਵਿਕਾਸ’ ਯਕੀਨੀ ਬਣਾਉਂਦਾ ਹੈ।’’ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ 1984 ਦੇ ਦੰਗਿਆਂ ਨੂੰ ਕਦੇ ਨਾ ਭੁੱਲਣ। ਪੁਰੀ ਨੇ ਸਿੱਖ ਵਿਰੋਧੀ ਦੰਗਿਆਂ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਧੱਬਿਆਂ ਵਿੱਚੋਂ ਇੱਕ ਦੱਸਿਆ।
ਕੇਂਦਰੀ ਮੰਤਰੀ ਨੇ ਕਿਹਾ, ‘‘1984 ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਮੈਨੂੰ ਕੰਬਣੀ ਆਉਂਦੀ ਹੈ... ਜਦੋਂ ਬੇਸਹਾਰਾ ਅਤੇ ਨਿਰਦੋਸ਼ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਸੀ, ਅਤੇ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਗਵਾਈ ਵਾਲੀ ਭੀੜ ਨੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ਨੂੰ ਲੁੱਟਿਆ ਸੀ। ਇਹ ਸਭ ਇੰਦਰਾ ਗਾਂਧੀ ਦੇ ਘਿਨਾਉਣੇ ਕਤਲ ਦਾ ‘ਬਦਲਾ’ ਲੈਣ ਦੇ ਨਾਮ ’ਤੇ ਸੀ।’’ ਮੰਤਰੀ ਨੇ ਅੱਗੇ ਕਿਹਾ ਕਿ ਇਹ ਉਦੋਂ ਸੀ ਜਦੋਂ ਪੁਲੀਸ ਨੂੰ ਮੂਕ ਦਰਸ਼ਕ ਬਣ ਕੇ ਖੜ੍ਹੀ ਰਹਿਣ ਲਈ ਮਜਬੂਰ ਕੀਤਾ ਗਿਆ। ਸਿੱਖਾਂ ਨੂੰ ਉਨ੍ਹਾਂ ਦੇ ਘਰਾਂ, ਵਾਹਨਾਂ ਅਤੇ ਗੁਰਦੁਆਰਿਆਂ ਤੋਂ ਬਾਹਰ ਕੱਢ ਕੇ ਜ਼ਿੰਦਾ ਸਾੜਿਆ ਜਾ ਰਿਹਾ ਸੀ। ਰਖਵਾਲੇ ਹੀ ਅਪਰਾਧੀ ਬਣ ਗਏ ਸਨ।
ਸਿੱਖਾਂ ਦੀ ਮਾਲਕੀ ਵਾਲੇ ਘਰਾਂ ਅਤੇ ਜਾਇਦਾਦਾਂ ਦੀ ਪਛਾਣ ਕਰਨ ਲਈ ਵੋਟਰ ਸੂਚੀਆਂ ਦੀ ਵਰਤੋਂ ਕੀਤੀ ਗਈ; ਕਈ ਦਿਨਾਂ ਤੱਕ ਹਿੰਸਕ ਭੀੜ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਪੁਰੀ ਨੇ ਕਿਹਾ, ‘‘ਇਸ ਦੀ ਬਜਾਏ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਗੁਰਦੁਆਰਿਆਂ ਦੇ ਬਾਹਰ ਹਿੰਸਕ ਹਜੂਮ ਦੀ ਅਗਵਾਈ ਕਰਦੇ ਦੇਖੇ ਗਏ, ਜਦੋਂ ਕਿ ਪੁਲੀਸ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ।
ਮੰਤਰੀ ਨੇ ਕਿਹਾ, ‘‘ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲੀਆਂ ਸੰਸਥਾਵਾਂ ਨੇ ਆਪਣਾ ਜ਼ਮੀਰ ਤਿਆਗ ਦਿੱਤਾ ਅਤੇ ਇਨ੍ਹਾਂ ਆਗੂਆਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਆਗੂਆਂ ਨੇ ਇੱਕ ਕਾਂਗਰਸੀ ਵਿਧਾਇਕ ਦੇ ਘਰ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਸਿੱਖਾਂ ਨੂੰ ‘ਸਬਕ’ ਸਿਖਾਇਆ ਜਾਣਾ ਚਾਹੀਦਾ ਹੈ। ਜਲਣਸ਼ੀਲ ਪਾਊਡਰ ਅਤੇ ਰਸਾਇਣ ਫੈਕਟਰੀਆਂ ਤੋਂ ਲੈ ਕੇ ਭੀੜ ਨੂੰ ਸੌਂਪੇ ਗਏ ਸਨ।’’
ਉਨ੍ਹਾਂ ਕਿਹਾ ਕਿ ਸਾਲਾਂ ਬਾਅਦ ਨਾਨਾਵਤੀ ਕਮਿਸ਼ਨ (2005) ਨੇ ਇਸ ਦੀ ਪੁਸ਼ਟੀ ਕੀਤੀ। ਕਮਿਸ਼ਨ ਨੇ ਬਹੁਤ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ‘‘ਕਾਂਗਰਸ (ਆਈ) ਦੇ ਆਗੂਆਂ ਵਿਰੁੱਧ ਭਰੋਸੇਯੋਗ ਸਬੂਤ ਹਨ ਜਿਨ੍ਹਾਂ ਨੇ ਭੀੜ ਦੀ ਅਗਵਾਈ ਕੀਤੀ ਅਤੇ ਹਮਲਿਆਂ ਨੂੰ ਭੜਕਾਇਆ।’’
ਪੁਰੀ ਨੇ ਅਫਸੋਸ ਜਤਾਉਂਦਿਆਂ ਕਿਹਾ, ‘‘ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਰਿਪੋਰਟ ਨੇ ਵੀ ਉਸ ਗੱਲ ਦੀ ਪੁਸ਼ਟੀ ਕੀਤੀ ਜੋ ਪੀੜਤ ਹਮੇਸ਼ਾ ਜਾਣਦੇ ਸਨ। ਕਾਂਗਰਸ ਕਤਲੇਆਮ ਨੂੰ ਰੋਕਣ ਵਿੱਚ ਅਸਫਲ ਨਹੀਂ ਰਹੀ ਬਲਕਿ ਉਸ ਨੇ ਇਸ ਨੂੰ ਸੰਭਵ ਬਣਾਇਆ। ਬਾਅਦ ਵਿੱਚ, ਕਾਂਗਰਸ ਨੇ ਦਹਾਕਿਆਂ ਤੱਕ ਸਿੱਖ ਵਿਰੋਧੀ ਹਿੰਸਾ ਤੋਂ ਬੇਸ਼ਰਮੀ ਨਾਲ ਇਨਕਾਰ ਕੀਤਾ। ਉਨ੍ਹਾਂ ਨੇ ਦੋਸ਼ੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਮੁਨਾਫ਼ੇ ਵਾਲੇ ਅਹੁਦਿਆਂ (ਚੋਣਾਂ ਲੜਨ ਲਈ ਪਾਰਟੀ ਟਿਕਟਾਂ ਵੀ) ਨਾਲ ਵੀ ਨਿਵਾਜ਼ਿਆ।

