‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ ਦੀ ਰਿਪੋਰਟ ਅਨੁਸਾਰ ਭਾਰਤ ਦੇ ਤਕਰੀਬਨ 60 ਫੀਸਦੀ ਜ਼ਿਲ੍ਹਿਆਂ ਵਿੱਚ ਪੀ ਐੱਮ 2.5 ਦਾ ਪੱਧਰ ਕੌਮੀ ਮਿਆਰ ਤੋਂ ਉੱਪਰ ਹੈ। ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਾ ਹੈ, ਜਿੱਥੇ ਪੀ ਐੱਮ 2.5 ਦਾ ਪੱਧਰ ਕੌਮੀ ਮਿਆਰ ਨਾਲੋਂ ਢਾਈ ਗੁਣਾ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੀ ਤੈਅ ਸੀਮਾ ਤੋਂ 20 ਗੁਣਾ ਵੱਧ ਹੈ। ਰਿਪੋਰਟ ਅਨੁਸਾਰ ਦਿੱਲੀ ਵਿੱਚ ਸਾਲਾਨਾ ਔਸਤ ਪੀ ਐੱਮ 2.5 ਦਾ ਪੱਧਰ 101 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਗਿਆ ਹੈ। ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਵਿੱਚ ਦਿੱਲੀ ਦੇ 11 ਖੇਤਰ ਅਤੇ ਹਰਿਆਣਾ ਦੇ 7 ਜ਼ੋਨ ਸ਼ਾਮਲ ਹਨ, ਜੋ ਐੱਨ ਸੀ ਆਰ ਵਿੱਚ ਆਉਂਦੇ ਹਨ। ਸੈਂਟਰ ਦੇ ਵਿਸ਼ਲੇਸ਼ਕ ਮਨੋਜ ਕੁਮਾਰ ਨੇ ਕਿਹਾ ਕਿ ਭਾਰਤ ਦੀ ਹਵਾ ਦੀ ਗੁਣਵੱਤਾ ਨੂੰ ਸਿਰਫ਼ ਸ਼ਹਿਰੀ ਧੂੰਏਂ ਜਾਂ ਸਰਦੀਆਂ ਦੀ ਸਮੱਸਿਆ ਨਹੀਂ ਮੰਨਿਆ ਜਾ ਸਕਦਾ, ਸਗੋਂ ਇਹ ਸਾਲ ਭਰ ਦੀ ਦੇਸ਼ ਵਿਆਪੀ ਸਮੱਸਿਆ ਬਣ ਗਈ ਹੈ।
ਨਵੰਬਰ ਮਹੀਨੇ ਦੌਰਾਨ ਦਿੱਲੀ ਦੇ 26 ਦਿਨਾਂ ਵਿੱਚੋਂ 20 ਦਿਨ ਪ੍ਰਦੂਸ਼ਣ ਪੱਖੋਂ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੇ ਹਨ। ਬੁੱਧਵਾਰ ਨੂੰ ਬਵਾਨਾ ਵਿੱਚ ਏ ਕਿਊ ਆਈ ਪੱਧਰ 382 ਦਰਜ ਕੀਤਾ ਗਿਆ। ਅੰਕੜਿਆਂ ਅਨੁਸਾਰ 6 ਨਵੰਬਰ ਤੋਂ ਹਵਾ ਦੀ ਗੁਣਵੱਤਾ ਦਾ ਪੱਧਰ ਲਗਾਤਾਰ 300 ਤੋਂ ਉੱਪਰ ਰਿਹਾ ਹੈ। ‘ਬਹੁਤ ਮਾੜੀ’ ਹਵਾ ਦਾ ਇਹ 20 ਦਿਨਾਂ ਦਾ ਸਿਲਸਿਲਾ ਅਪਰੈਲ 2019 ਤੋਂ ਬਾਅਦ ਪੰਜਵਾਂ ਸਭ ਤੋਂ ਲੰਬਾ ਦੌਰ ਹੈ।
ਦਿੱਲੀ ਵਿੱਚ 26 ਨਵੰਬਰ ਨੂੰ ਦੁਪਹਿਰ 2 ਵਜੇ 327 ਏ ਕਿਊ ਆਈ ਦਰਜ ਕੀਤਾ ਗਿਆ, ਜਦਕਿ ਸਵੇਰੇ ਤੜਕੇ ਇਹ 337 ਸੀ। ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਜ਼) ਅਤੇ ਦੱਖਣੀ ਐਕਸਟੈਂਸ਼ਨ ਦੇ ਨੇੜੇ ਸਵੇਰੇ 7 ਵਜੇ ਪੱਧਰ 348 ਦਰਜ ਕੀਤਾ ਗਿਆ।

