ਦਿੱਲੀ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣੀ ਹਾਲੇ ਦੂਰ ਦੀ ਗੱਲ
ਐਤਕੀਂ ਪੰਜਾਬ ਦੇ ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏਂ ਦਾ ਹੁਣ ਤੱਕ ਦਿੱਲੀ ’ਚ ਹਵਾ ਦੀ ਗੁਣਵੱਤਾ ’ਤੇ ਬਹੁਤ ਘੱਟ ਪ੍ਰਭਾਵ ਪਿਆ ਹੈ। ਹਾਲਾਂਕਿ ਆਗਾਮੀ ਦਿਨਾਂ ’ਚ ਧੂੰਏਂ ਦਾ ਅਸਰ ਵਧਣ ਦੀ ਉਮੀਦ ਹੈ। ਡਿਸੀਜ਼ਨ ਸਪੋਰਟ ਸਿਸਟਮ (ਡੀ ਐੱਸ ਐੱਸ) ਦੇ ਸੂਤਰਾਂ ਮੁਤਾਬਕ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏਂ ਦਾ ਹਿੱਸਾ ਘੱਟ ਰਿਹਾ ਹੈ। ਵੀਰਵਾਰ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਸ਼ਹਿਰ ਦੇ ਪੀ ਐੱਮ 2.5 ਦਾ 16 ਫੀਸਦੀ ਤੱਕ ਹਿੱਸਾ ਸੀ। ਕੇਂਦਰੀ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ (ਡੀ ਐੱਸ ਐੱਸ) ਅਨੁਸਾਰ ਦਿੱਲੀ ਦੇ ਪੀ ਐੱਮ 2.5 ਪੱਧਰ ਵਿੱਚ ਪਰਾਲੀ ਸਾੜਨ ਦਾ ਹਿੱਸਾ ਪਹਿਲੀ ਅਕਤੂਬਰ ਤੋਂ 4 ਨਵੰਬਰ ਦੇ ਵਿਚਕਾਰ 2 ਫੀਸਦੀ ਤੋਂ ਘੱਟ ਰਿਹਾ ਜੋ 28 ਅਕਤੂਬਰ ਨੂੰ 5.88 ਫੀਸਦੀ ਦਰਜ ਕੀਤਾ ਗਿਆ।
ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਦੇ ਸੰਸਥਾਪਕ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਦੇ ਪ੍ਰੋ. ਗੁਫਰਾਨ ਬੇਗ ਨੇ ਕਿਹਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ’ਤੇ ਪਰਾਲੀ ਸਾੜਨ ਦਾ ਪ੍ਰਭਾਵ ਮੌਸਮ ਤੇ ਅੱਗਾਂ ਦੀ ਗਿਣਤੀ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਰਾਲੀ ਦਾ ਵੱਧ ਤੋਂ ਵੱਧ ਪ੍ਰਭਾਵ ਆਮ ਤੌਰ ’ਤੇ 4 ਨਵੰਬਰ ਤੋਂ 8 ਨਵੰਬਰ ਦੇ ਵਿਚਕਾਰ ਦੇਖਿਆ ਜਾਂਦਾ ਹੈ। ਹਾਲਾਂਕਿ ਐਤਕੀਂ ਪੰਜਾਬ ਵਿੱਚ ਹੜ੍ਹਾਂ ਕਾਰਨ ਝੋਨੇ ਦੀ ਵਾਢੀ ਇੱਕ ਹਫ਼ਤਾ ਦੇਰੀ ਨਾਲ ਸ਼ੁਰੂ ਹੋਈ ਹੈ। ਨਤੀਜੇ ਵਜੋਂ ਵੱਧ ਤੋਂ ਵੱਧ ਪ੍ਰਭਾਵ 6 ਨਵੰਬਰ ਤੋਂ 12 ਨਵੰਬਰ ਦੇ ਵਿਚਕਾਰ ਹੋਣ ਦੀ ਉਮੀਦ ਹੈ।
ਪਿਛਲੇ ਸਾਲਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਰਾਲੀ ਸਾੜਨ ਨਾਲ ਦਿੱਲੀ ਦੇ ਪੀ ਐੱਮ 2.5 ਪੱਧਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਪਿਛਲੇ ਸਾਲ ਧੂਏਂ ਦਾ ਅਸਰ 35.2 ਫੀਸਦੀ ਸੀ, ਇੱਕ ਸਾਲ ਪਹਿਲਾਂ 35.43 ਫੀਸਦੀ, 2022 ਵਿੱਚ 34 ਫੀਸਦੀ, 2021 ਵਿੱਚ 48 ਫੀਸਦੀ ਅਤੇ 2018 ਵਿੱਚ 58 ਫੀਸਦੀ ਸੀ।
ਮਾਹਿਰਾਂ ਮੁਤਾਬਕ ਜੇਕਰ ਹਵਾਵਾਂ ਉੱਤਰ-ਪੱਛਮੀ ਨਹੀਂ ਹਨ ਜਾਂ ਹੌਲੀ ਹਨ ਤਾਂ ਪੰਜਾਬ ਅਤੇ ਹਰਿਆਣਾ ਤੋਂ ਧੂੰਆਂ ਰਾਜਧਾਨੀ ਤੱਕ ਨਹੀਂ ਪਹੁੰਚਦਾ। ਦੂਜੇ ਪਾਸੇ ਦਿੱਲੀ ਵਿੱਚ ਸ਼ਾਂਤ ਹਾਲਾਤ ਪ੍ਰਦੂਸ਼ਣ ਨੂੰ ਹੋਰ ਵੀ ਵਿਗਾੜ ਸਕਦੇ ਹਨ ਜਦੋਂਕਿ ਤੇਜ਼ ਸਥਾਨਕ ਹਵਾਵਾਂ ਪ੍ਰਦੂਸ਼ਕਾਂ ਨੂੰ ਖਿੰਡਾਉਣ ਵਿੱਚ ਮਦਦ ਕਰ ਸਕਦੀਆਂ ਹਨ।
