ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਵੱਲੋਂ ਬਵਾਨਾ ਇੰਡਸਟਰੀਅਲ ਏਰੀਆ ਸਥਿਤ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਬਵਾਨਾ ਵੱਲੋਂ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਦਿੱਤੀ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਹਮੇਸ਼ਾ ਦੇਸ਼ ਵਿਦੇਸ਼ ਵਿਚ ਆਏ ਸੰਕਟਾਂ ਵੇਲੇ ਲੋਕਾਂ ਦੀ ਬਾਂਹ ਫੜੀ ਹੈ ਤੇ ਅੱਜ ਜਦੋਂ ਪੰਜਾਬ ’ਤੇ ਸੰਕਟ ਆਇਆ ਹੈ ਤਾਂ ਸਾਰਾ ਦੇਸ਼ ਅੱਗੇ ਹੋ ਕੇ ਪੰਜਾਬ ਦੀ ਬਾਂਹ ਫੜ ਰਿਹਾ ਹੈ। ਪੰਜਾਬ ਵਿਚ ਹੜ੍ਹਾਂ ਕਾਰਨ ਫਸਲਾਂ, ਪਸ਼ੂਆਂ, ਘਰਾਂ, ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਸਮੇਤ ਹਰ ਕਿਸਮ ਦਾ ਨੁਕਸਾਨ ਹੋਇਆ ਹੈ ਜਿਸ ਦੀ ਸਮੁੱਚੀ ਭਰਪਾਈ ਵਾਸਤੇ ਯਤਨ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਅੱਜ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਬਵਾਨਾ ਵੱਲੋਂ ਨਾ ਸਿਰਫ ਰਾਹਤ ਸਮੱਗਰੀ ਜਿਸ ਵਿਚ ਬਾਲਟੀਆਂ, ਕੰਬਲ, ਸ਼ਾਲ ਆਦਿ ਸਮੱਗਰੀ ਸ਼ਾਮਲ ਹੈ, ਦੇ ਟਰੱਕ ਰਵਾਨਾ ਕੀਤੇ ਜਾ ਰਹੇ ਹਨ ਬਲਕਿ ਤੇਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਇਕੱਤਰ ਕੀਤੀ ਮਾਇਆ ਜਿਸ ਨਾਲ ਡੀਜ਼ਲ ਤੇ ਹੋਰ ਸੇਵਾ ਕੀਤੀ ਜਾਣੀ ਹੈ, ਉਹ ਵੀ ਰਵਾਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੁਹਰਾਇਆ ਕਿ ਜਦੋਂ ਤੱਕ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਵਿਚ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਤੇ ਲੋਕਾਂ ਨੂੰ ਲੋੜੀਂਦੀ ਮਦਦ ਨਹੀਂ ਮਿਲ ਜਾਂਦੀ, ਦਿੱਲੀ ਗੁਰਦੁਆਰਾ ਕਮੇਟੀ ਇਹ ਸੇਵਾ ਜਾਰੀ ਰੱਖੇਗੀ।