ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਹਰਿਕ੍ਰਿਸ਼ਨ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਸਮਾਗਮ ਹੋਏ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ। ਸਮਾਗਮ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ‘ਸ਼੍ਰੋਮਣੀ ਕੀਤਰਨੀਏ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਵੇਲੇ ਚਲ ਰਹੀ ਭਿਆਨਕ ਚੇਚਕ ਦੀ ਬਿਮਾਰੀ ਤੋਂ ਮਨੁੱਖਤਾ ਨੂੰ ਮੁਕਤੀ ਦੁਆਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਛੋਟੀ ਉਮਰ ਵਿਚ ਹੀ ਕੌਮ ਨੂੰ ਵੱਡੀ ਸੇਧ ਦਿੱਤੀ।
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਬਾਰੇ ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਬਹੁਤ ਵੱਡੇ ਪੱਧਰ ’ਤੇ ਇਹ ਸ਼ਹੀਦੀ ਸ਼ਤਾਬਦੀ ਮਨਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਸਮਰਪਿਤ ਸਹਿਜ ਪਾਠਾਂ ਦੀ ਲੜੀ ਤਾਂ ਪਹਿਲਾਂ ਹੀ ਚੱਲ ਰਹੀ ਹੈ ਤੇ 27 ਜੁਲਾਈ ਨੂੰ ਇਸਤਰੀ ਸਤਿਸੰਗਤ ਦੇ ਸਮਾਗਮ ਨਾਲ ਵੱਡੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਬੱਚਿਆਂ ਦੇ ਡਿਬੇਟ ਮੁਕਾਬਲੇ ਰੱਖੇ ਹਨ ਅਤੇ ਅਕਤੂਬਰ ਮਹੀਨੇ ਵਿਚ ਸਰਵ ਧਰਮ ਸੰਮੇਲਨ ਹੋਵੇਗਾ।
ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਵੱਡੇ ਸਮਾਗਮ ਹੋਣਗੇ ਜਿਸ ਵਿਚ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਆਪਣੇ ਆਪ ਵਿਚ ਯਾਦਗਾਰੀ ਹੋਣਗੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਾਸਤੇ ਵੱਧ ਚੜ੍ਹ ਕੇ ਸਹਿਯੋਗ ਦੇਵੇ।
ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਆਪਣੇ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਹ ਅਦਾਰੇ ਚਲਾਉਣ ਵਾਸਤੇ ਆਪਣੇ ਬੱਚੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਾਉਣ। ਉਨ੍ਹਾਂ ਕਿਹਾ ਕਿ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਪਹਿਲਾਂ ਵੀ ਦਿੱਤਾ ਹੈ ਤੇ ਹੁਣ ਵੀ ਲੋੜ ਹੈ ਕਿ ਉਹ ਆਪਣੇ ਬੱਚੇ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦੇ ਨਤੀਜੇ ਬਹੁਤ ਚੰਗੇ ਆਏ ਹਨ।