ਦਿੱਲੀ ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਵਿੱਚ ਖੇਡ ਸਮਾਗਮ ਮੁਲਤਵੀ ਕਰਨ ਦੇ ਨਿਰਦੇਸ਼
ਹਵਾ ਗੁਣਵੱਤਾ ਬਹੁਤ ‘ ਖਰਾਬ’ ਹੋਣ ਦੇ ਮੱਦੇਨਜ਼ਰ ਜਾਰੀ ਕੀਤੀਆਂ ਹਿਦਾਇਤਾਂ
ਦਿੱਲੀ ਸਰਕਾਰ ਨੇ ਰਾਜਧਾਨੀ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਖੇਡ ਸੰਸਥਾਵਾਂ ਨੂੰ ਹਵਾ ਦੀ ਗੁਣਵੱਤਾ ਵਿਗੜਨ ਕਾਰਨ ਨਵੰਬਰ ਅਤੇ ਦਸੰਬਰ ਲਈ ਨਿਰਧਾਰਤ ਸ਼ਰੀਰਕ (physical) ਖੇਡ ਮੁਕਾਬਲੇ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਹੁਕਮ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੁਆਰਾ ਜਾਰੀ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਖੇਤਰ ਵਿੱਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰਾਂ ਦੇ ਮੱਦੇਨਜ਼ਰ ਦਿੱਲੀ ਪ੍ਰਸ਼ਾਸਨ ਨੂੰ ਅਜਿਹੇ ਸਮਾਗਮਾਂ ਨੂੰ ਮੁਲਤਵੀ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਜਾਰੀ ਕੀਤੇ ਗਏ ਇੱਕ ਸਰਕੂਲਰ ਵਿੱਚ, ਸਿੱਖਿਆ ਅਤੇ ਖੇਡ ਡਾਇਰੈਕਟੋਰੇਟ ਨੇ ਕਿਹਾ ਕਿ ਦਿੱਲੀ ਸਰਕਾਰ ਅਧੀਨ ਆਉਣ ਵਾਲੀਆਂ ਸਾਰੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਸ਼ਾਮਲ ਹਨ, ਨਾਲ ਹੀ MCD, NDMC ਅਤੇ ਦਿੱਲੀ ਕੈਂਟੋਨਮੈਂਟ ਬੋਰਡ ਦੁਆਰਾ ਚਲਾਏ ਜਾਂਦੇ ਸਕੂਲ, CAQM ਦੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਕਰਨ।
ਇਸ ਹੁਕਮ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਫੈਡਰੇਸ਼ਨਾਂ ਅਤੇ ਕੇਂਦਰੀ ਖੇਡ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ, ਕਾਲਜਾਂ ਅਤੇ ਖੇਡ ਸੰਘਾਂ ਨੂੰ ਵੀ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਹ ਨਿਰਦੇਸ਼ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਦਿੱਲੀ ਵਿੱਚ ਹਵਾ ਦਾ ਪੱਧਰ ਦਿਨ-ਬ-ਦਿਨ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਜਾ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ (AQI) 370 ਦਰਜ ਕੀਤਾ ਗਿਆ, ਜੋ ਕਿ ਇੱਕ ਦਿਨ ਪਹਿਲਾਂ ਦੇ 391 ਦੇ ਮੁਕਾਬਲੇ ਮਾਮੂਲੀ ਗਿਰਾਵਟ ਹੈ। ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਹਵਾ ਦੀ ਗੁਣਵੱਤਾ ਗੰਭੀਰ (severe) ਸ਼੍ਰੇਣੀ ਵਿੱਚ ਜਾ ਸਕਦੀ ਹੈ।
CPCB ਦੀ ਸਮੀਰ ਐਪ ਨੇ ਦਿਖਾਇਆ ਕਿ ਦਿੱਲੀ ਵਿੱਚ ਕੁੱਲ 23 ਨਿਗਰਾਨੀ ਸਟੇਸ਼ਨਾਂ (monitoring stations) ’ਤੇ ‘ਬਹੁਤ ਖਰਾਬ’ ਹਵਾ ਗੁਣਵੱਤਾ ਦਰਜ ਕੀਤੀ ਗਈ ਜਦੋਂ ਕਿ 13 ਸਟੇਸ਼ਨਾਂ ’ਤੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਦਰਜ ਕੀਤਾ ਗਿਆ ਹੈ।

